Thursday, May 21, 2009

18 ਸਾਲਾਂ ਪਿੱਛੋਂ ਵੀ ਨਹੀਂ ਮਿਲਿਆ ਇਨਸਾਫ਼

ਰਾਜੀਵ ਗਾਂਧੀ ਦੀ ਬਰਸੀ 'ਤੇ ਵਿਸ਼ੇਸ਼
18 ਦੀ ਉਮਰ ਵਿੱਚ ਕਦਮ ਰੱਖਦੇ ਹੀ ਇੱਕ ਭਾਰਤੀ ਨੂੰ ਵੋਟ ਪਾਉਣ ਦਾ ਹੱਕ ਹਾਸਿਲ ਹੋ ਜਾਂਦਾ ਹੈ, ਇਨਸਾਨ ਕਿਸ਼ੋਰ ਅਵਸਥਾ ਪਾਰ ਕਰਕੇ ਜਵਾਨੀ ਵਿੱਚ ਕਦਮ ਰੱਖਦਾ ਹੈ. 18 ਸਾਲ ਦਾ ਸਫ਼ਰ ਕੋਈ ਘੱਟ ਨਹੀਂ ਹੁੰਦਾ, ਇਸ ਦੌਰਾਨ ਇਨਸਾਨ ਜਿੰਦਗੀ ਵਿੱਚ ਕਈ ਉਤਾਰ ਚੜ੍ਹਾਅ ਵੇਖ ਲੈਂਦਾ ਹੈ, ਪਰੰਤੂ ਅਫਸੋਸ ਦੀ ਗੱਲ ਹੈ ਕਿ 18 ਸਾਲ ਬਾਅਦ ਵੀ ਕਾਂਗਰਸ ਸਵਰਗੀ ਰਾਜੀਵ ਗਾਂਧੀ ਨੂੰ ਕੇਵਲ ਇੱਕ ਸ਼ਰਧਾਂਜਲੀ ਭੇਂਟ ਕਰ ਰਹੀ ਹੈ, ਇਹਨਾਂ 18 ਸਾਲਾਂ ਵਿੱਚ ਹਿੰਦੁਸਤਾਨ ਦੀਆਂ ਸਰਕਾਰਾਂ ਉਸ ਸਾਜਿਸ਼ ਨੂੰ ਨੰਗਾ ਨਹੀਂ ਕਰ ਪਾਈਆਂ, ਜਿਸਦੇ ਤਹਿਤ ਅੱਜ ਤੋਂ ਡੇਢ ਦਹਾਕਾ ਪਹਿਲਾਂ 21 ਮਈ 1991 ਨੂੰ ਤਮਿਲਨਾਡੂ ਦੇ ਸ਼੍ਰੀਪੇਰੰਬਦੂਰ ਵਿੱਚ ਇੱਕ ਜਨਸਭਾ ਦੇ ਦੌਰਾਨ ਲਿੱਟੇ ਦੇ ਇੱਕ ਆਤਮਘਾਤੀ ਹਮਲਾਵਰ ਨੇ ਰਾਜੀਵ ਗਾਂਧੀ ਦੇ ਸਾਹਾਂ ਖੋਹ ਲੈਣ ਸਨ. ਉਹ ਹਮਲਾ ਇੱਕ ਨੇਤਾ ਉੱਤੇ ਨਹੀਂ ਸੀ, ਬਲਕਿ ਪੂਰੇ ਦੇਸ਼ ਦੇ ਸੁਰੱਖਿਆ ਤੰਤਰ ਨੂੰ ਅੰਗੂਠਾ ਵਿਖਾਉਣਾ ਸੀ, ਫਿਰ ਵੀ ਹਿੰਦੁਸਤਾਨੀ ਸਰਕਾਰਾਂ ਆਈਆਂ ਅਤੇ ਚੱਲੀਆਂ ਗਈਆਂ. ਮਗਰ ਗਾਂਧੀ ਦੀ ਹੱਤਿਆ ਦੇ ਪਿੱਛੇ ਕੌਣ ਲੋਕ ਸਨ ? ਅੱਜ ਵੀ ਇੱਕ ਰੱਹਸ ਹੈ. ਸੱਚ ਸਾਹਮਣੇ ਵੀ ਆ ਜਾਂਦਾ, ਪਰੰਤੂ ਰਾਜੀਵ ਗਾਂਧੀ ਦੀ 18ਵੀਂ ਬਰਸੀ ਤੋਂ ਪਹਿਲਾਂ ਹੀ ਸ਼੍ਰੀਲੰਕਾਈ ਸੈਨਾਵਾਂ ਨੇ ਖ਼ਤਰਨਾਕ ਹਿੰਸਕ ਅੰਦੋਲਨ ਦੇ ਅਗਵਾਈ ਕਰਤਾ ਲਿਬਰੇਸ਼ਨ ਟਾਈਗਰਸ ਆਫ ਤਮਿਲ ਈਲਮ (ਲਿੱਟੇ) ਪ੍ਰਮੁੱਖ ਵੇਲੁਪਿੱਲਈ ਪ੍ਰਭਾਕਰਨ ਨੂੰ ਸਦਾ ਦੇ ਲਈ ਚੁੱਪ ਕਰਵਾ ਦਿੱਤਾ. ਹੱਤਿਆ ਦੇ ਪਿੱਛੇ ਜਿਸਦਾ ਸਭ ਤੋਂ ਜਿਆਦਾ ਹੱਥ ਮੰਨਿਆ ਜਾ ਰਿਹਾ ਸੀ, ਹੁਣ ਤਾਂ ਲੱਗਦਾ ਹੈ ਕਿ ਸੱਚ ਵੀ ਪ੍ਰਭਾਕਰਨ ਦੇ ਨਾਲ ਦਫ਼ਨ ਹੋ ਗਿਆ. ਰਾਜੀਵ ਦੀ ਹੱਤਿਆ ਦੇ ਪਿੱਛੇ ਕੇਵਲ ਲਿੱਟੇ ਦਾ ਹੱਥ ਹੈ, ਇਤਨਾ ਕਹਿ ਦੇਣਾ ਸੱਚ ਨਹੀਂ, ਕਿਉਂਕਿ ਦੇਸ਼ ਵਿੱਚ ਅੱਜ ਵੀ ਅਜਿਹੇ ਸੀਬੀਆਈ ਸੇਵਾਮੁਕਤ ਅਧਿਕਾਰੀ ਜੀਵੰਤ ਹੈਂ, ਜਿਹਨਾਂ ਨੂੰ ਇਲਮ ਸੀ ਕਿ ਰਾਜੀਵ ਗਾਂਧੀ ਦੇ ਸਾਥੀ ਹੀ ਉਸਦੇ ਨਾਲ ਵਿਸ਼ਵਾਸਘਾਤ ਕਰਨਗੇ. ਜਿਸਦੇ ਬਾਰੇ ਵਿੱਚ ਉਹਨਾਂ ਨੇ ਰਾਜੀਵ ਗਾਂਧੀ ਨੂੰ ਸੂਚਿਤ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਹੈ. ਪਰੰਤੂ ਜਾਂਚ ਉੱਥੇ ਹੀ ਖੜ੍ਹੀ ਹੈ. ਕੀ ਦੂਜਾ ਕਾਰਜਕਾਲ ਸ਼ੁਰੂ ਕਰਨ ਵਾਲੀ ਮਨਮੋਹਨ ਸਿੰਘ ਦੀ ਸਰਕਾਰ 23ਵੀਂ ਬਰਸੀਂ ਤੋਂ ਪਹਿਲਾਂ ਸੱਚ ਤੱਕ ਪਹੁੰਚ ਪਾਵੇਗੀ? ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੱਤਿਆ ਦਾ ਸੱਚ ਸਾਹਮਣੇ ਲਿਆਉਣ ਵਿੱਚ ਇਤਨੇ ਸਾਲ ਲੱਗ ਸਕਦੇ ਹਨ, ਤਾਂ ਆਮ ਆਦਮੀ ਦੀ ਸਥਿਤੀ ਕੀ ਹੋਵੇਗੀ? ਰਾਜੀਵ ਗਾਂਧੀ ਦੀ ਹੱਤਿਆ ਦੇ ਦਿਨ ਜਨਮੇਂ ਹੋਏ ਬੱਚੇ ਹੁਣ ਨੌਜਵਾਨ ਹੋ ਗਏ, ਉਹਨਾਂ ਨੂੰ ਵੋਟ ਦਾ ਅਧਿਕਾਰ ਮਿਲ ਜਾਵੇਗਾ, ਜੋ ਰਾਜੀਵ ਗਾਂਧੀ ਦੀ ਹੀ ਦੇਣ ਹੈ, ਪਰੰਤੂ ਰਾਜੀਵ ਨੂੰ ਇਨਸਾਫ਼ ਕਦੋਂ ਮਿਲੇਗਾ?

Wednesday, May 20, 2009

ਕਾਲੇ ਚਿੱਠੇ ਖੋਲ੍ਹਦੀ ਹੈ 'ਪੱਤਰਕਾਰ ਦੀ ਮੌਤ'

ਪਿਛਲੇ ਮਹੀਨੇ ਜਦੋਂ ਮੈਂ ਬਠਿੰਡਾ ਗਿਆ ਸੀ, ਤਾਂ ਮੇਰਾ ਕੁੱਝ ਪੰਜਾਬੀ ਕਿਤਾਬਾਂ ਖਰੀਦਣ ਦਾ ਮਨ ਬਣਿਆ. ਬੱਸ ਫਿਰ ਕੀ ਸੀ, ਮੈਂ ਪਹੁੰਚ ਗਿਆ ਰੇਲਵੇ ਸਟੇਸ਼ਨ ਨੇੜੇ ਸਥਿਤ ਇੱਕ ਕਿਤਾਬਾਂ ਵਾਲੀ ਦੁਕਾਨ 'ਤੇ. ਜਿੱਥੋਂ ਮੈਂ ਅਕਸਰ ਮੈਗਜ਼ੀਨ ਖਰੀਦਿਆ ਕਰਦਾ ਸਾਂ, ਜਦੋਂ ਮੈਂ ਬਠਿੰਡਾ ਰਹਿੰਦਾ ਸੀ ਅਤੇ ਕਦੇ ਕਦਾਈਂ ਕਿਤਾਬ ਵੀ ਖਰੀਦ ਲੈਂਦਾ ਸਾਂ. ਪਰੰਤੂ ਇਸ ਵਾਰ ਕੁੱਝ ਕਿਤਾਬਾਂ ਖਰੀਦਣ ਦਾ ਮਨ ਸੀ, ਕਿਤਾਬਾਂ ਖਰੀਦਣ ਦੀ ਸੋਚਕੇ ਹੀ ਮੈਂ ਦੁਕਾਨ ਦੇ ਅੰਦਰ ਗਿਆ ਸਾਂ. ਉੱਥੇ ਮੈਂ ਕਈ ਕਿਤਾਬਾਂ ਵੇਖੀਆਂ, ਪਰੰਤੂ ਦੋਵਾਂ ਕਿਤਾਬਾਂ ਮੈਂ ਚੁੱਕੀਆਂ ਜਿਹਨਾਂ ਵਿੱਚ 'ਪੱਤਰਕਾਰ ਦੀ ਮੌਤ' ਵੀ ਸ਼ਾਮਿਲ ਸੀ. ਜਿਸਨੂੰ ਮੈਂ ਕੁੱਝ ਦਿਨ ਪਹਿਲਾਂ ਹੀ ਪੜ੍ਹ ਪੜ੍ਹ ਖ਼ਤਮ ਕੀਤਾ ਹੈ. ਇਸ ਕਿਤਾਬ ਦੇ ਸਿਰਲੇਖ ਨੂੰ ਪੜ੍ਹਦਿਆਂ, ਇੱਕ ਵਾਰ ਤਾਂ ਏਦਾਂ ਲੱਗਦਾ ਹੈ ਜਿਵੇਂ ਇਹ ਕੋਈ ਨਾਵਲ ਹੋਵੇ, ਅਤੇ ਪੱਤਰਕਾਰ ਇਸ ਨਾਵਲ ਦਾ ਨਾਇਕ, ਜਿਸਦੀ ਕਿਸੇ ਨੇ ਹੱਤਿਆ ਕਰ ਦਿੱਤੀ. ਅਸਲ ਵਿੱਚ ਅਜਿਹਾ ਕੁੱਝ ਵੀ ਨਹੀਂ, ਇਸ ਪੂਰੀ ਕਿਤਾਬ ਵਿੱਚ ਪੱਤਰਕਾਰ ਦੀ ਸਰੀਰਕ ਹੱਤਿਆ ਕਿਤੇ ਵੀ ਨਹੀਂ ਹੁੰਦੀ, ਬੱਸ ਜਦ ਵੀ ਹੁੰਦੀ ਹੈ ਪੱਤਰਕਾਰ ਦੇ ਆਦਰਸ਼ਾਂ ਦੀ ਹੱਤਿਆ ਜਾਂ ਫਿਰ ਪੱਤਰਕਾਰਿਤਾ ਦੇ ਨਿਯਮਾਂ ਦੀ ਹੱਤਿਆ. ਇਸ ਕਿਤਾਬ ਨੂੰ ਲਿਖਣ ਵਾਲਾ ਲੇਖਕ ਗੁਰਨਾਮ ਸਿੰਘ ਅਕੀਦਾ ਖੁਦ ਵੀ ਪੱਤਰਕਾਰੀ ਦੀਆਂ ਰਾਹਾਂ ਵਿੱਚੋਂ ਲੰਘ ਚੁੱਕਿਆ ਹੈ, ਉਸਨੇ ਇਸ ਕਿਤਾਬ ਦੇ ਵਿੱਚ ਆਪਣੇ ਆਲੇ ਦੁਆਲੇ ਵਾਪਰੀਆਂ ਕੁੱਝ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਈ ਸੱਚ ਸਾਹਮਣੇ ਰੱਖੇ ਹਨ. ਇਸ ਕਿਤਾਬ ਅੰਦਰ ਅਜੋਕੇ ਪੰਜਾਬ ਵਿੱਚ ਪੱਤਰਕਾਰੀ ਦੀ ਹੁੰਦੀ ਦੁਰਦਸ਼ਾ, ਦੁਰਗਤੀ, ਅਤੇ ਘਟਿਆ ਸੋਚ ਤੋਂ ਉਪਜੀ ਪੱਤਰਕਾਰਿਤਾ ਦੇ ਕਾਰਣ ਵਿਗੜ੍ਹਿਆ ਪੰਜਾਬ ਦਾ ਮੁਹਾਂਦਰਾ ਸਾਫ਼ ਝਲਕਦਾ ਹੈ. ਇਸਦੇ ਇਲਾਵਾ ਅਕੀਦਾ ਨੇ ਮੀਡੀਆ ਵਿੱਚ ਰਾਜਨੀਤਿਕ ਘੁਸਪੈਠ, ਡੇਰਾ ਸੱਚਾ ਸੌਦਾ ਦਾ ਰਾਜਨੀਤੀ ਵਿੱਚ ਪ੍ਰਵੇਸ਼, ਉਸਦੇ ਬਾਅਦ ਹੋਈ ਪੰਜਾਬ 'ਚ ਸਿੱਖ ਸਮੁਦਾਇ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਝੜ੍ਹਪ 'ਚ ਮੀਡੀਆ ਦਾ ਰੋਲ, ਅਖ਼ਬਾਰਾਂ, ਨਿਊਜ਼ ਚੈਨਲਾਂ ਦੁਆਰਾ ਪੈਸੇ ਦੇਕੇ ਰੱਖੇ ਜਾ ਰਹੇ ਪੱਤਰਕਾਰਾਂ ਕਾਰਣ ਕਿਸ ਤਰ੍ਹਾਂ ਪੰਜਾਬ ਪੱਤਰਕਾਰੀ ਦਾ ਘਾਣ ਹੋ ਰਿਹਾ ਹੈ ਨੂੰ ਸਾਫ਼ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ. 'ਪੱਤਰਕਾਰ ਦੀ ਮੌਤ' 'ਚ ਕੁੱਝ ਅਜਿਹੇ ਘਟਨਾਕ੍ਰਮ ਵੀ ਹਨ, ਜਿੱਥੇ ਪੱਤਰਕਾਰ ਮਨੁੱਖੀ ਜਿੰਦਗੀ ਤੋਂ ਵੱਧ ਆਪਣੀ ਖ਼ਬਰ ਨੂੰ ਤਰਜੀਹ ਦਿੰਦਾ ਹੈ. ਇੱਕ ਵਿਅਕਤੀ ਦੁਆਰਾ ਆਤਮਦਾਹ ਕਰਨਾ ਦੀ ਅਤੇ ਉਸਨੂੰ ਕਵਰੇਜ ਦੇ ਰਹੇ ਪੱਤਰਕਾਰਾਂ ਵਾਲੀ ਗੱਲ ਵੱਲ ਹੀ ਸੰਕੇਤ ਕਰਦੀ ਹੈ. ਇਸਦੇ ਇਲਾਵਾ ਵੱਡੇ ਟੈਲੀਵਿਜਨਾਂ, ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਛੋਟੇ ਅਖ਼ਬਾਰ ਦੇ ਪੱਤਰਕਾਰਾਂ ਮੁਕਾਬਲੇ ਵੱਧ ਤਰਜੀਹ ਦੇਣ ਦਾ ਮੁੱਦਾ ਵਿੱਚ ਅਹਿਮ ਰਿਹਾ ਹੈ. ਗੁਰਨਾਮ ਸਿੰਘ ਅਕੀਦਾ ਦੀ ਇਹ ਕਿਤਾਬ ਖਾਊ ਪੀਊ ਪੱਤਰਕਾਰਾਂ ਦੀ ਪੋਲ ਖੋਲ੍ਹਣ ਦੇ ਨਾਲ ਨਾਲ ਕਿਤੇ ਕਿਤੇ ਪੱਤਰਕਾਰਾਂ ਦੁਆਰਾ ਕੀਤੇ ਚੰਗੇ ਕੰਮ ਦਾ ਜ਼ਿਕਰ ਵੀ ਕਰਦੀ ਹੈ. ਪੱਤਰਕਾਰੀ ਦੇ ਡਿੱਗਦੇ ਮਿਆਰ ਨੂੰ ਆਪਣੇ ਸ਼ਬਦਾਂ ਦੇ ਰਾਹੀਂ ਜੱਗ ਜਾਹਿਰ ਕਰਨ ਵਾਲੇ ਇਹ ਪੱਤਰਕਾਰ ਲੇਖਕ ਵਧਾਈ ਦਾ ਹੱਕਦਾਰ ਹੈ.

ਅਕਸਰ ਸੋਚਦਾ ਹਾਂ.....

ਓਹ ਰੁਖ਼ ਕੈਸੇ ਹੋਣਗੇ ਹੁਣ
ਛਾਂ ਹੇਠ ਜਿਨ੍ਹਾਂ ਦੀ ਖੇਡਿਆ ਮੈਂ
ਅਕਸਰ ਸੋਚਦਾ ਹਾਂ
ਕਿਸੇ ਕੰਧ ਨਾਲ ਢੋਅ ਲਾਕੇ ।

ਫਿਰ ਚੇਤੇ ਆਉਂਦੀਆਂ ਓਹ ਰਾਹਾਂ
ਜਿੱਥੇ ਬਲਦ ਦੌੜਾਉਂਦਾ ਸੀ
ਜਾਂ ਮਸਤੀ ਵਿੱਚ ਝੱਲਿਆ ਹੋਇਆ
ਪੈਰਾਂ ਨਾਲ ਧੂੜ ਉਡਾਉਂਦਾ ਸੀ।

ਓਹ ਸੱਥ ਥੇਹ ਨਹੀਂ ਭੁੱਲਿਆ,
ਜਿੱਥੇ ਸ਼ਾਮ ਨੂੰ ਮਹਿਫ਼ਲ ਜੁੜ੍ਹਦੀ ਸੀ
ਜਿੱਥੇ ਗੱਲ ਕਿਸੇ ਗੋਰੀ ਸੋਹਣੀ
ਹੀਰ ਮਜਾਜਣ ਦੀ ਤੁਰਦੀ ਸੀ।

Sunday, May 17, 2009

ਤੇਰੇ ਕੋਲ ਵੇਹਲ ਨਹੀਂ

ਤਿਤਲੀਆਂ ਫੁੱਲਾਂ ਨਾਲ
ਅੱਜ ਵੀ ਖੇਡਦੀਆਂ ਨੇ
ਹਵਾਵਾਂ ਪੱਤਿਆਂ ਨੂੰ
ਅੱਜ ਵੀ ਛੇੜਦੀਆਂ ਨੇ
ਪਰ ਤੇਰੇ ਕੋਲ ਵੇਹਲ ਨਹੀਂ ਵੇਖਣ ਦੀ

ਵਿਸਾਖੀ ਮੇਲੇ ਲੱਗਦੇ ਨੇ,
ਦੀਵਾਲੀ ਦੀਵੇ ਜੱਗਦੇ ਨੇ
ਲੋਹੜੀ ਅੱਜ ਵੀ ਪੈਂਦੀ ਹੈ,
ਪਰ ਤੇਰੇ ਕੋਲ ਵੇਹਲ ਨਹੀਂ ਸੇਕਣ ਦੀ

ਮੰਦਰ ਵੀ ਨੇ, ਮਸਜਿਦਾਂ ਵੀ ਨੇ
ਗੁਰੂਦੁਆਰੇ ਵੀ ਹਨ,
ਪਰ ਤੇਰੇ ਕੋਲ ਵੇਹਲ ਨਹੀਂ ਮੱਥਾ ਟੇਕਣ ਦੀ

ਘਰ ਉਡੀਕ ਰਿਹਾ ਹੈ,
ਬੂਹਾ ਵੀ ਖੁੱਲ੍ਹਾ ਪਿਆ
ਪਰ ਤੇਰੇ ਕੋਲ ਵੇਹਲ ਨਹੀਂ ਘਰ ਪਰਤਣ ਦੀ

Thursday, May 14, 2009

ਕਠਪੁਤਲੀ ਬਨਾਮ ਪੰਜਾਬੀ ਖ਼ਬਰੀ ਚੈਨਲ

ਇਸ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਪੰਜਾਬ ਵਿੱਚ ਪ੍ਰਸਾਰਿਤ ਹੋਏ ਰਹੇ ਜਿਆਦਾਤਰ ਪੰਜਾਬੀ ਨਿਊਜ਼ ਚੈਨਲ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੀ ਕਠਪੁਤਲੀ ਬਣ ਚੁੱਕੇ ਹਨ. ਇਹ ਚੈਨਲ ਉਹ ਪ੍ਰਸਾਰਿਤ ਕਰਦੇ ਹਨ, ਜਿਸਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਹੱਥ ਰੱਖਦਾ ਹੈ, ਇਹ ਟੀਵੀ ਚੈਨਲਾਂ ਬਾਰੇ ਗੱਲ ਕਰਦਿਆਂ ਮੈਨੂੰ ਮਿੰਟੂ ਧੂਰੀ ਦੇ ਗੀਤ ਇੱਕ ਲਾਈਨ ਯਾਦ ਆਉਂਦੀ ਹੈ, 'ਜਿਹਦੇ ਉੱਤੇ ਹੱਥ ਧਰੂ ਨਖ਼ਰੋ ਉਹ ਗੀਤ ਵਜਾਈ ਰੱਖਣਾ'. ਸਰਕਾਰ ਦੇ ਇਸ਼ਾਰੇ ਉੱਤੇ ਨੱਚਣ ਵਾਲੇ ਇਹਨਾਂ ਨਿਊਜ਼ ਚੈਨਲਾਂ ਦੀ ਉਮਰ ਕੋਈ ਬਹੁਤੀ ਲੰਮੀ ਨਹੀਂ ਹੁੰਦੀ, ਸਰਕਾਰ ਗਈ ਨਹੀਂ ਕਿ ਇਹ ਵੀ ਗਾਇਬ ਹੋ ਜਾਂਦੇ ਹਨ. ਜਿਵੇਂ ਕਿ ਚੇਤੇ ਹੋਵੇਗਾ ਨਿਊਜ਼ ਟੂਡੇ. ਕੈਪਟਨ ਦੀ ਹਾਂ 'ਚ ਹਾਂ ਮਿਲਾਉਣ ਵਾਲਾ ਇਹ ਨਿਊਜ਼ ਚੈਨਲ ਵੀ, ਸਰਕਾਰ ਦੇ ਨਾਲ ਹੀ ਨੱਸ ਗਿਆ. ਅੱਜਕੱਲ੍ਹ ਪੰਜਾਬ ਵਿੱਚ ਪੰਜਾਬੀ ਨਿਊਜ਼ ਚੈਨਲਾਂ ਦੀ ਭਰਮਾਰ ਹੈ, ਪਰੰਤੂ ਹਿੱਕ ਠੋਕਕੇ ਆਮ ਲੋਕਾਂ ਦੀ ਗੱਲ ਕਰਨ ਦਾ ਕਿਸੇ ਵਿੱਚ ਵੀ ਦਮ ਨਹੀਂ. ਇਹਨਾਂ ਦੇ ਦਰਾਂ ਉੱਤੇ ਜਾਕੇ ਪੱਤਰਕਾਰਿਤਾ ਵੀ ਉਂਝ ਤਰਲੇ ਕੱਢਦੀ ਹੈ, ਜਿਵੇਂ ਸਬਰਜੀਤ ਚੀਮੇ ਦੇ ਇੱਕ ਗੀਤ ਵਿੱਚ ਅਣਜੰਮੀ ਕੁੜੀ ਕਹਿੰਦੀ ਹੈ 'ਨਾ ਮਰੀ ਨਾ ਮਰੀ ਨੀਂ ਮਾਂ' ਪੰਜਾਬੀ ਨਿਊਜ਼ ਚੈਨਲ ਜਿਆਦਾਤਰ ਬਾਂਦਰ ਬਣ ਚੁੱਕੇ ਹਨ, ਜੋ ਸੱਤਾਧਾਰੀ ਮਦਾਰੀ ਦੀ ਡੁੱਗਡੁੱਗੀ ਵੱਜਣ 'ਤੇ ਆਪਣਾ ਖੇਡ ਵਿਖਾਉਂਦੇ ਹਨ. ਪਿਛਲੇ ਦਿਨੀਂ ਜਦੋਂ ਲੁਧਿਆਣਾ ਵਿੱਚ ਮਨਮੋਹਨ ਸਿੰਘ ਬੋਲਿਆ ਕਿ ਪੰਜਾਬੀ ਵੀਰੋ ਤੁਸੀਂ 1984 ਨੂੰ ਭੁੱਲ ਜਾਓ, ਕੁੱਝ ਲੋਕ ਪੁਰਾਣੇ ਮੁੱਦੇ ਉਖਾੜਕੇ ਆਪਣੀ ਦੁਕਾਨ ਚਲਾ ਰਹੇ ਹਨ. ਇਸ ਗੱਲ ਦਾ ਸਮਰੱਥਨ ਕਰਨ ਦੀ ਬਜਾਏ, ਬਾਂਦਰ ਨਾਚ ਨੱਚਣ ਵਾਲੇ ਟੈਲੀਵਿਜਨਾਂ ਨੇ ਮਨਮੋਹਨ ਦੇ ਖਿਲਾਫ਼ ਜਾਂਦਿਆਂ, ਪੁਰਾਣੇ ਜਖਮਾਂ ਨੂੰ ਖੁਰਚਣਾ ਸ਼ੁਰੂ ਕਰ ਦਿੱਤਾ. ਗੱਲ ਇੱਥੇ ਤੀਕ ਪੁੱਜ ਗਈ ਕਿ ਇੱਕ ਚੈਨਲ ਉੱਤੇ ਪ੍ਰਸਾਰਿਤ ਹੋਣ ਵਾਲੇ ਸਿੱਖ ਭੜਕਾਊ ਪ੍ਰੋਗ੍ਰਾਮ ਉੱਤੇ ਚੋਣ ਕਮਿਸ਼ਨ ਨੂੰ ਰੋਕ ਲਗਾਉਣੀ ਪਈ. ਇਸਦੇ ਇਲਾਵਾ ਪੰਜਾਬ ਦੀ ਕੇਬਲ ਉੱਤੇ ਕਥਿਤ ਤੌਰ 'ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ. ਜਿਸਦੇ ਕਾਰਣ ਪੰਜਾਬ ਵਿੱਚ 1984 ਦੰਗਿਆਂ ਆਧਾਰਿਤ ਫਿਲਮ ਹਵਾਏਂ ਨੂੰ ਕਰੀਬਨ ਸੌ ਵਾਰੀ ਵਿਖਾਇਆ ਗਿਆ, ਪਰੰਤੂ ਦੇਸ਼ ਨੂੰ ਜੋੜ੍ਹਨ ਵਾਲੀ ਕਿਸੇ ਫਿਲਮ ਨੂੰ ਇਤਨੇ ਵਾਰ ਪ੍ਰਸਾਰਿਤ ਨਹੀਂ ਕੀਤਾ ਗਿਆ ਕਿਉਂ? ਮੈਂ ਇੱਕ ਮਹੀਨਾ ਪੰਜਾਬ 'ਚ ਗੁਜਾਰਕੇ ਆਇਆ, ਇੱਕ ਦਿਨ ਵੀ ਮੈਂ ਘਰ ਵਿੱਚ ਪੰਜਾਬੀ ਨਿਊਜ਼ ਚੈਨਲ ਨਹੀਂ ਚੱਲਿਆ ਕਿਉਂਕਿ ਮੇਰੇ ਪਿਤਾ ਜੀ ਇਹਨਾਂ ਦੀਆਂ ਖ਼ਬਰਾਂ 'ਤੇ ਭਰੋਸਾ ਨਹੀਂ ਕਰਦੇ ਕਿਉਂਕਿ ਇਹ ਆਮ ਜਨ ਦੀ ਗੱਲ ਕਰਨ ਦੀ ਬਜਾਏ ਬਾਦਲ ਗੁਣਗਾਣ ਗਾਉਂਦੇ ਹੀ ਰਹਿੰਦੇ ਹਨ. ਪੰਜਾਬੀ ਨਿਊਜ਼ ਚੈਨਲ ਵਾਲਿਓ, ਪੱਤਰਕਾਰਿਤਾ ਨੂੰ ਦੁਕਾਨਦਾਰੀ ਨਾ ਬਣਾਓ. ਤੁਹਾਡੇ ਉੱਤੇ ਜਿੰਮੇਦਾਰੀ ਹੈ, ਨਵਾਂ ਅਤੇ ਸੁਚਾਰੂ ਸਮਾਜ ਸਿਰਜਣ ਦੀ.

Saturday, May 9, 2009

ਹੁੰਦੇ ਨੇ ਦਿਲ ਦਰਿਆ ਮਾਂਵਾਂ ਦੇ

ਹੁੰਦੇ ਨੇ ਦਿਲ ਦਰਿਆ ਮਾਂਵਾਂ ਦੇ
ਹੁੰਦੇ ਨੇ ਦਿਲ ਦਰਿਆ ਮਾਂਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਸੂਲ ਤੱਕ ਦਾ ਦਰਦ ਨਾ ਬੱਚਿਆਂ ਜਰਦੀਆਂ ਨੇ
ਖੁਸ਼ੀ ਬੱਚਿਆਂ ਦੀ ਖਾਤਿਰ ਹੱਸ ਸੂਲੀ ਚੜ੍ਹਦੀਆਂ ਨੇ
ਲੱਗਣ ਨਾ ਦਿੰਦੀਆਂ ਸੇਕੇ ਤੱਤੀਆਂ ਤੇਜ ਹਵਾਂਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਮੂੰਹੋਂ ਨਿਕਲਿਆ ਨਹੀਂ ਬੋਲ ਪੁਆ ਦਿੰਦੀਆਂ
ਖੁਸ਼ੀ ਬੱਚਿਆਂ ਦੀ ਖਾਤਿਰ
ਸਭ ਕੁੱਝ ਦਾਅ 'ਤੇ ਲਾ ਦਿੰਦੀਆਂ
ਹਰ ਰੀਝ ਪੁਗਾਉਂਦੀਆਂ ਨਾਲ ਨੇ ਚਾਂਵਾਂ ਦੇ..
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਬੱਚੇ ਬੇਬੱਚੇ ਹੁੰਦੇ ਵੇਖੇ ਨੇ
ਪਰ ਮਾਂਵਾਂ ਬੋਲ ਨਾ ਕਦੇ ਕੱਚੇ ਹੁੰਦੇ ਵੇਖੇ ਨੇ
ਬੜੇ ਹੀ ਕਾਰਨਾਮੇ ਹੁੰਦੇ ਨੇ ਮੂੰਹ ਨਿਕਲੀਆਂ ਦੁਆਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ
ਮੈਂ ਸਦਕੇ ਜਾਵਾਂ ਇਹਨਾਂ ਠੰਡੀਆਂ ਛਾਂਵਾਂ ਦੇ