Monday, May 17, 2010

ਵਿਲੱਖਣ ਸੋਚ ਦੀ ਉਪਜ "ਏਕਮ"

ਪੰਜਾਬੀ ਸਿਨੇਮਾ ਇੱਕ ਵਾਰ ਫਿਰ ਤੋਂ ਸ਼ਿਖਰ ਵੱਲ ਕਦਮ ਵਧਾਅ ਰਿਹਾ ਹੈ, ਜੋ ਕਾਫ਼ੀ ਸਮੇਂ ਤੱਕ ਬਨਾਵਟੀ ਸਾਹ ਪ੍ਰਣਾਲੀ ਉੱਤੇ ਅੰਤਿਮ ਦਿਨ ਗਿਣ ਰਿਹਾ ਸੀ। ਪੰਜਾਬੀ ਫਿਲਮ "ਮੇਰਾ ਪਿੰਡ ਮਾਈ ਵਿਲੇਜ਼" ਤੇ "ਮਿੱਟੀ" ਦੇ ਬਾਅਦ ਰਿਲੀਜ਼ ਹੋਈ ਪੰਜਾਬੀ ਫਿਲਮ ਏਕਮ-ਸਨ ਆਫ਼ ਦੀ ਸੋਇਲ ਇਸ ਗੱਲ ਦਾ ਪੁਖ਼ਤਾ ਸਬੂਤ ਹੈ। ਪਿਛਲੇ ਦਿਨੀਂ ਰਿਲੀਜ਼ ਹੋਈ ਬੱਬੂ ਮਾਨ (babbu maan) ਅਭਿਨੀਤ ਫਿਲਮ ਏਕਮ-ਸਨ ਆਫ਼ ਦੀ ਸੋਇਲ ਇੱਕ ਉੱਚੀ ਤੇ ਵਿਲੱਖਣ ਸੋਚ ਦੀ ਉਪਜ ਹੈ, ਇਹ ਫਿਲਮ ਧਨਾਢ ਅਤੇ ਕਿਸਾਨ ਵਰਗ ਦੇ ਵਿਚਕਾਰ ਬੁਣੇ ਹੋਏ ਤਾਣੇ ਬਾਣੇ ਉੱਤੇ ਕੇਂਦ੍ਰਿਤ ਹੈ। ਇਸ ਫਿਲਮ ਦਾ ਨਾਇਕ ਏਕਮਜੀਤ, ਜੋ ਧਨਾਢ ਪਰਿਵਾਰ ਦੇ ਵਿੱਚ ਜੰਮਿਆ ਹੈ, ਪ੍ਰੰਤੂ ਉਹ ਕਿਸਾਨ ਵਰਗ ਦੀ ਹਿਮਾਇਤ ਵਿੱਚ ਖੜ੍ਹਾ ਹੋਕੇ ਬੁਰਾਈ ਦੇ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ। ਏਕਮਜੀਤ ਦਾ ਇਹੋ ਰੂਪ ਫਿਲਮ ਨੂੰ ਸ਼ਿਖਰ ਵੱਲ ਖਿੱਚਕੇ ਲੈ ਜਾਂਦਾ ਹੈ।


ਫਿਲਮ ਦਾ ਨਾਇਕ ਏਕਮਜੀਤ ਵਿਦੇਸ਼ ਵਿੱਚ ਪੜ੍ਹਾਈ ਕਰਨ ਮਗਰੋਂ ਵਤਨ ਮੁੜ੍ਹਦਾ ਹੈ, ਜਿੱਥੇ ਉਸਦਾ ਆਲੀਸ਼ਾਨ ਮਕਾਨ ਹੈ, ਜਿਸਦੇ ਵਿੱਚ ਉਸਦੀ ਮਤ੍ਰੇਈ ਮਾਂ, ਪਿਓ ਅਤੇ ਇੱਕ ਮਤ੍ਰੇਅ ਭਰਾ ਰਹਿੰਦਾ ਹੈ। ਜਿੱਥੇ ਏਕਮਜੀਤ ਨੂੰ ਮਾਂ ਪਿਤਾ ਦੇ ਪਿਆਰ ਦੀ ਕਮੀ ਨੇ ਥੋੜ੍ਹਾ ਜਿਹਾ ਕਠੋਰ ਬਣਾ ਦਿੱਤਾ, ਉੱਥੇ ਹੀ ਉੱਚ ਕੋਟੀ ਦੀ ਪੜ੍ਹਾਈ ਨੇ ਉਸਦੀ ਸੋਚ ਨੂੰ ਫ਼ਕੀਰਾਂ ਅਤੇ ਕ੍ਰਾਂਤੀਕਾਰੀਆਂ ਵਰਗੀ ਬਣਾ ਦਿੱਤਾ। ਇਹ ਸਭ ਉਸਦੇ ਰਵੱਈਏ ਤੋਂ ਸਾਫ਼ ਝਲਕਦਾ ਹੈ। ਏਕਮ ਬਿਲਕੁਲ ਸਪੱਸ਼ਟਵਾਦੀ ਹੈ, ਉਹ ਜੋ ਬੋਲਦਾ ਸਪੱਸ਼ਟ ਬੋਲਦਾ ਹੈ, ਉਸਨੂੰ ਕਿਸੇ ਦੇ ਵੀ ਖੁੱਸਣ ਦਾ ਰਤਾ ਕੁ ਡਰ ਵੀ ਨਹੀਂ। ਏਕਮਜੀਤ ਇੱਕ ਇਨਕਲਾਬੀ ਨੌਜਵਾਨ ਹੈ, ਜੋ ਨਸ਼ਿਆਂ ਦੇ ਵਿਰੁੱਧ ਹੈ, ਜੋ ਸਿਸਟਮ ਦੇ ਵਿਰੁੱਧ ਹੈ, ਇਹ ਗੱਲ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਏਕਮ ਦਾ ਕਿਰਦਾਰ ਪੁਰਾਣੀ ਫਿਲਮਾਂ ਦੇ ਅਮਿਤਾਭ ਬੱਚਨ ਦੇ ਕਿਰਦਾਰਾਂ ਵਰਗਾ ਹੈ।

ਇਸ ਕਿਰਦਾਰ ਦੇ ਲਈ ਰੰਗਕਰਮੀ ਅਤੇ ਲੇਖਕ ਤਰਲੋਚਨ ਸਿੰਘ ਨੇ ਬਿਲਕੁਲ ਢੁੱਕਵੇਂ ਅਤੇ ਇਨਕਲਾਬੀ ਸੋਚ ਦੇ ਸੰਵਾਦ ਰਚੇ ਹਨ, ਜੋ ਏਕਮ ਦੇ ਕਿਰਦਾਰ ਨੂੰ ਪੂਰੀ ਤਰ੍ਹਾਂ ਪਰਦੇ ਉੱਤੇ ਜੀਵੰਤ ਕਰਦੇ ਹਨ। ਏਕਮ ਦੇ ਲਈ ਰਚੇ ਗਏ ਕੁੱਝ ਸੰਵਾਦ ਤਾਂ ਬੇਹੱਦ ਦਿਲ ਦੇ ਕਰੀਬ ਜਗ੍ਹਾ ਬਣਾ ਲੈਂਦੇ ਹਾਂ, ਜਿਵੇਂ ਕਿ 'ਮਾਂ ਕਹਿਲਾਉਣਾ ਬਹੁਤ ਸੌਖਾ ਐ, ਪਰ ਮਾਂ ਬਣਨਾ ਬੇਹੱਦ ਔਖਾ",
"ਸਰਕਾਰਾਂ ਉਨੀ ਦੇਰ ਤੱਕ ਹੀ ਤਾਕਤਵਰ ਹੁੰਦੀਆਂ ਹਨ, ਜਿੰਨੀ ਦੇਰ ਤੱਕ ਲੋਕ ਸੁੱਤੇ ਹੁੰਦੇ ਹਨ।" ਅਤੇ "ਇਸ ਮੁਲਕ ਵਿੱਚ ਦੋ ਦੇਸ਼ ਵੱਸਦੇ ਹਨ, ਇੱਕ ਭਾਰਤ ਅਤੇ ਦੂਜਾ ਇੰਡੀਆ"। ਇਸਦੇ ਇਲਾਵਾ ਫਿਲਮ ਦੇ ਵਿੱਚ ਮੁਨੀਮ ਬਣੇ ਭਗਵੰਤ ਮਾਨ ਦੇ ਲਈ ਵੀ ਬੇਹੱਦ ਵਧੀਆ ਵਿਅੰਗਮਈ ਸੰਵਾਦ ਲਿਖੇ ਗਏ ਹਨ, ਜੋ ਸਿੱਧੇ ਦਿਮਾਗ ਉੱਤੇ ਚੋਟ ਕਰਦੇ ਨੇ।

ਜਿੱਥੇ ਏਕਮ ਦੇ ਕਿਰਦਾਰ ਵਿੱਚ ਬੱਬੂ ਮਾਨ ਪੂਰੀ ਤਰ੍ਹਾਂ ਫਿੱਟ ਬੈਠ ਗਿਆ ਹੈ, ਉੱਥੇ ਹੀ ਭਗਵੰਤ ਮਾਨ ਨੇ ਮੁਨੀਮ ਦੇ ਕਿਰਦਾਰ ਨੂੰ ਜੀਵੰਤ ਕਰ ਦਿੱਤਾ ਹੈ। ਭਗਵੰਤ ਦਾ ਇਹ ਕਿਰਦਾਰ ਸ਼ਾਇਦ ਉਸਦੀ ਬਹੁਤ ਪਹਿਲਾਂ ਆਈ ਫਿਲਮ ਤਬਾਹੀ ਤੋਂ ਪ੍ਰਭਾਵਿਤ ਸੀ, ਜਿਸ ਵਿੱਚ ਉਹ ਕਹਿੰਦਾ ਹੈ,"ਹੋ ਗਿਆ ਦੁਪਹਿਰ ਦੀ ਰੋਟੀ ਦਾ ਟਾਈਮ"। ਇਸਦੇ ਇਲਾਵਾ ਫਿਲਮ ਦੇ ਬਾਕੀ ਕਲਾਕਾਰਾਂ ਨੇ ਵੀ ਬੇਹੱਦ ਵਧੀਆ ਕੰਮ ਕੀਤਾ ਹੈ। ਫਿਲਮ ਦੀ ਨਾਇਕਾ ਮੈਂਡੀ ਤੱਖਰ ਨੂੰ ਭਲਾਂ ਹੀ ਫਿਲਮ ਦੇ ਵਿੱਚ ਘੱਟ ਸਮਾਂ ਮਿਲਿਆ ਹੋਵੇ, ਪ੍ਰੰਤੂ ਉਸਨੇ ਆਪਣੇ ਕਿਰਦਾਰ ਦੇ ਨਾਲ ਪੂਰੀ ਈਮਾਨਦਾਰੀ ਵਰਤੀ ਹੈ।

ਫਿਲਮ ਦਾ ਗੀਤ ਸੰਗੀਤ ਲਾਜਵਾਬ ਹੈ, ਕਿਉਂਕਿ ਇਸਦਾ ਸਿਰਜਣਹਾਰਾ ਖੁਦ ਬੱਬੂ ਮਾਨ ਹੈ। ਫਿਲਮ ਦੇ ਲਈ ਲਿਖੇ ਗੀਤਾਂ ਵਿੱਚੋਂ ਸਭ ਤੋਂ ਵਧੀਆ ਗੀਤ ਹੋਲੀ ਹੈ, ਜਿਸਦੇ ਰਾਹੀਂ ਬੱਬੂ ਮਾਨ ਨੇ ਕਿਸਾਨਾਂ ਦੀ ਅਸਲ ਜਿੰਦਗੀ ਨੂੰ ਬਿਆਨ ਕੀਤਾ ਹੈ। ਜੇਕਰ ਨਿਰਦੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਮਨਦੀਪ ਬੈਨੀਵਾਲ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਫਿਲਮ ਨੂੰ ਹੌਲੀ ਹੌਲੀ ਸ਼ਿਖਰ ਵੱਲ ਲੈਕੇ ਜਾਂਦਾ ਹੈ। ਇਹ ਫਿਲਮ ਪੰਜਾਬੀ ਫਿਲਮਾਂ ਦੀ ਉਸ ਸ਼੍ਰੇਣੀ ਵਿੱਚ ਜਾ ਪੁੱਜੀ ਹੈ, ਜਿਸਨੂੰ ਵੇਖਣਾ ਹਰ ਪੰਜਾਬੀ ਦਾ ਪਹਿਲਾ ਫਰਜ਼ ਬਣਦਾ ਹੈ।