Monday, May 24, 2010

ਓਹ ਅਜ਼ਨਬੀ

ਪਾਰਕ ਵਿੱਚ, ਓਹ ਜੋ ਰੋਜ਼ ਆਉਂਦਾ ਸੀ,
ਯਾਰਾਂ ਆਪਣਿਆਂ ਨੂੰ ਕਿੱਸੇ ਸੁਣਾਉਂਦਾ ਸੀ,
ਹਰ ਬੋਲ ਉਹਦਾ ਮੇਰੇ ਮਨ ਭਾਉਂਦਾ ਸੀ
ਪਰ, ਕਈ ਦਿਨ ਹੋ ਚੱਲੇ, ਨਈ ਪਰਤਿਆ
ਰੱਬ ਜਾਣੈ ਕੀ ਨਾਲ ਉਸ ਹੋਣਾ ਵਰਤਿਆ
ਉਸ ਦੀ ਗੈਰ ਮੌਜੂਦਗੀ, ਮਨ ਘਬਰਾਉਂਦਾ ਐ
ਰਹਿ ਰਹਿ ਚੇਤਾ ਉਸ ਚੰਦਰੇ ਦਾ ਆਉਂਦਾ ਐ
ਪੂੰਝ ਪਸੀਨਾ ਮੱਥੇ ਤੋਂ, ਝੱਟ ਉੱਠ ਮੰਜੇ ਤੋਂ
ਰਾਤੀ ਸੁਫ਼ਨੇ ਵੀ ਹੁਣ ਆਵਣ ਭੈੜੇ,
ਨਾ ਮੈਂ ਜਾਣਾ, ਨਾ ਓਹ ਜਾਣੈ
ਮੈਂ ਝੱਲੀ ਲਾ ਬੈਠੀ ਰੋਗ ਕੈਹੜੇ
ਰੱਬ ਕਰੇ, ਓਹ ਪਰਤ ਆਵੇ
ਮੇਰੇ ਠੰਡ ਕਾਲਜੇ ਪਾਵੇ,
ਮੇਰੇ ਨੈਣਾਂ ਨੂੰ ਫਿਰ ਸੁਖ ਦੀ ਨੀਂਦਰ ਆਵੇ
ਕੋਈ ਬੰਦਾ ਰੱਬ ਦਾ, ਉਹਦੀ ਖ਼ਬਰ ਸੁਣਾਵੇ
ਜੋ ਲੈ ਗਿਆ ਮੇਰੇ ਸੁੱਖ ਚੈਨ ਨੂੰ ਨਾਲੇ
ਲਾ ਗਿਆ ਮੇਰੀਆਂ ਖੁਸ਼ੀਆਂ ਨੂੰ ਤਾਲੇ
ਮੁੜ੍ਹ ਆਵੇ ਮੁੜ੍ਹ ਆਵੇ
ਨੀਂ ਸਈਉਂ ਓਹ ਅਜ਼ਨਬੀ,
ਜੋ ਲੱਗਦਾ ਐ ਅਪਨਿਆਂ ਵਰਗਾ
ਰਾਤੀਂ ਆਏ ਸੋਹਣੇ ਸਫ਼ਨਿਆ ਵਰਗਾ

ਧੰਨਵਾਦ ਸਹਿਤ- ਕੁਲਵੰਤ ਹੈੱਪੀ