Saturday, May 26, 2012

ਪੰਜਾਬੀ ਸੰਗੀਤ ਨੂੰ ਬੱਬੂ ਮਾਨਾਂ ਦੀ ਲੋੜ ਐ, ਨਚਾਰਾਂ ਦੀ ਨਈ

ਜਦੋਂ ਪੰਜਾਬੀ ਗੀਤਾਂ ਦੇ ਨਾਲ ਮੇਰੇ ਪਿਆਰ ਦੀ ਸ਼ੁਰੂਆਤ ਹੋਈ, ਤਾਂ ਉਸ ਸਮੇਂ ਦੇ ਨੇੜੇ ਤੇੜੇ ਹੀ। ਇੱਕ ਗਾਇਕ ਦਾ ਜਨਮ ਹੋਇਆ 'ਪਿੰਡ ਪਹਿਰਾ ਲੱਗਦਾ' ਦੇ ਨਾਲ। ਜੀ ਹਾਂ, ਬੱਬੂ ਮਾਨ ਦਾ। ਸ਼ਾਇਦ ਉਦੋਂ ਬੱਬੂ ਮਾਨ ਦੀ ਉਮਰ ਕੋਈ ਜਿਆਦਾ ਨਹੀਂ ਸੀ, ਅੱਜ ਦੇ ਜੋ ਜੋ ਹਨੀ ਸਿੰਘ ਜਿੰਨੀ ਹੋਵੇਗੀ।
ਦੋਵਾਂ 'ਚ ਸਮਾਨਤਾ ਬੱਸ ਏਨੀ ਕੁ ਹੈ ਕਿ ਦੋਵੇਂ ਨੂੰ ਸਫ਼ਲਤਾ ਇੱਕਦਮ ਮਿਲੀ, ਪ੍ਰੰਤੂ ਫ਼ਰਕ ਬੜੇ ਨੇ। ਇੱਕ ਨੇ ਸਫ਼ਲਤਾ ਮਿਲਦਿਆਂ ਹੀ ਆਪਣੀ ਗਾਇਕੀ ਦੇ ਰਾਹੀਂ ਦੁਨੀਆਵੀਂ ਬੁਰਾਈਆਂ 'ਤੇ ਤਿੱਖੇ ਵਾਰ ਕਰਨੇ ਸ਼ੁਰੂ ਕਰ ਦਿੱਤੇ, ਤੇ ਦੂਜੇ ਨੇ ਪੰਜਾਬੀ ਸੰਗੀਤ ਦੇ ਅੰਦਰ ਨੰਗੇਜ਼ ਭਰਨਾ ਸ਼ੁਰੂ ਕਰ ਦਿੱਤਾ।
ਸਫ਼ਲਤਾ ਦੋਵਾਂ ਦੇ ਹਿੱਸੇ ਆਈ ਹੈ, ਪ੍ਰੰਤੂ ਇੱਕ ਦੀ ਸਫ਼ਲਤਾ ਤੱਤੇ ਤਵੇ ਤੇ ਪਾਣੀ ਦੀ ਸ਼ਿਟ ਵਰਗੀ ਹੈ, 'ਤੇ ਦੂਜੇ ਦੀ ਸਫ਼ਲਤਾ ਤੂਤ ਦੇ ਮੋਸ਼ੇ ਵਰਗੀ ਮਜਬੂਤ। ਜਦੋਂ ਬੱਬੂ ਮਾਨ ਪਿੰਡ ਪਹਿਰ ਲੱਗਦਾ ਅਤੇ ਨੀਂਦਰਾਂ ਨਈ ਆਉਂਦੀਆਂ ਦੇ ਨਾਲ ਪੰਜਾਬੀ ਗਾਇਕੀ ਦੇ ਪਿੜ ਵਿੱਚ ਉਤਰਿਆ ਸੀ, ਸਾਇਦ ਉਦੋਂ ਕਿਸੇ ਨੂੰ ਅੰਦਾਜਾ ਵੀ ਨਈ ਸੀ ਕਿ ਇਹ ਨੌਜਵਾਨ ਪੰਜਾਬੀ ਗਾਇਕੀ ਦੇ ਰਾਹਾਂ 'ਚ ਆਪਣੇ ਪੈਂੜਾਂ ਦੇ ਅਮਿੱਟ ਨਿਸ਼ਾਨ ਛੱਡੇਗਾ।

ਬੱਬੂ ਦੀ ਸਫ਼ਲਤਾ ਦੇ ਨਾਲ ਤਮਾਮ ਅਫ਼ਵਾਹਾਂ ਫੈਲੀਆਂ, ਜਿਵੇਂ ਬੱਬੂ ਮਾਨ, ਬਾਬੂ ਸਿੰਘ ਮਾਨ ਦਾ ਪੁੱਤਰ ਹੈ। ਜਿਸਦੇ ਲਿਖੇ ਗੀਤ ਹਰਭਜਨ ਮਾਨ ਦੀ ਜੁਬਾਨੋਂ ਹਰ ਕਿਸੇ ਨੇ ਸੁਣੇ, ਪ੍ਰੰਤੂ ਇਹ ਸੱਚ ਨਈ ਕਿ ਬੱਬੂ,  ਬਾਬੂ ਸਿੰਘ ਮਾਨ ਦਾ ਪੁੱਤਰ ਹੈ, ਉਸਦਾ ਪੁੱਤਰ ਅਮਤੋਜ ਮਾਨ ਹੈ, ਜੋ ਫਿਲਮ ਹਵਾਏਂ ਅਤੇ ਕਾਫਿਲਾ ਦੇ ਵਿੱਚ ਨਜ਼ਰ ਆਇਆ। 
ਬਾਬੂ ਸਿੰਘ ਮਾਨ ਨੂੰ ਮਾਨ ਮਰਾੜ੍ਹਾਂ ਵਾਲਾ ਵੀ ਕਹਿੰਦੇ ਨੇ, ਕਿਉਂਕਿ ਬਾਬੂ ਸਿੰਘ ਮਾਨ ਦਾ ਜਨਮ ਫਰੀਦਕੋਟ ਦੇ ਮਰਾੜ੍ਹ ਪਿੰਡ 'ਚ ਹੋਇਆ ਸੀ। ਜਾਣਕਾਰੀ ਮੁਤਾਬਿਕ ਉਹਨਾਂ ਦਾ ਪਹਿਲਾ ਗੀਤ ਦੁੱਧ ਕਾੜ੍ਹਕੇ ਜਾਗ ਨਾ ਲਾਵਾਂ, ਤੇਰੀਆਂ ਉਡੀਕਾਂ ਹਾਣੀਆ, ਇੱਕ ਪ੍ਰੱਤਿਕਾ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ, ਜਦੋਂਕਿ ਉਹਨਾਂ ਦਾ ਪਹਿਲਾ ਗੀਤ ਗੁਰਪਾਲ ਸਿੰਘ ਪਾਲ ਨੇ ਗਾਇਆ। ਇਸ ਤੋਂ ਬਾਅਦ ਤੋਂ ਬਾਬੂ ਸਿੰਘ ਮਾਨ ਨੂੰ ਗਾਉਣ ਵਾਲਿਆਂ ਦੀ ਕੋਈ ਗਿਣਤੀ ਨਈ। ਬਾਬੂ ਸਿੰਘ ਮਾਨ ਨੂੰ ਜੇਕਰ ਇੰਗਲਿਸ਼ ਦੇ ਵਿੱਚ ਲਿਖੀਏ ਤਾਂ ਬੱਬੂ ਮਾਨ ਵੀ ਪੜ੍ਹ ਸਕਦੇ ਹਾਂ, ਪ੍ਰੰਤੂ ਦੋਵਾਂ ਦੀ ਲੇਖਣੀ 'ਚ ਜ਼ਮੀਨ ਆਸਮਾਨ ਦਾ ਅੰਤਰ ਹੈ।

ਬੱਬੂ ਸਿੰਘ ਮਾਨ ਪੁਰਾਣੇ ਲਿਹਾਜੇ 'ਚ ਕੁੱਝ ਪਿਆਰ ਕੜੱਤਣ ਦੀਆਂ ਗੱਲਾਂ ਲਿਖਦੇ ਨੇ, ਜਦਕਿ ਬੱਬੂ ਮਾਨ ਪੰਜਾਬੀ ਹਿੰਦੀ ਇੰਗਲਿਸ਼ ਸ਼ਬਦਾਂ ਦੇ ਵਿੱਚ ਵਰਤਮਾਨ ਦੀਆਂ ਘਟਨਾਵਾਂ ਨੂੰ ਜੋੜ੍ਹਦਿਆਂ ਨਿਰੀ ਅੱਗ ਲਿਖਦਾ ਹੈ, ਜਿਵੇਂ ਅਸੀਂ ਕੱਚੇ ਰੰਗ ਜਿਹੇ, ਉੱਚੀਆਂ ਇਮਾਰਤਾਂ।

ਬੱਬੂ ਮਾਨ ਨੇ ਪਿਛਲੇ ਬਾਰ੍ਹਾਂ ਤੇਰ੍ਹਾਂ ਵਰਿਆਂ ਦੇ ਵਿੱਚ ਆਪਣੇ ਸਤਰ ਨੂੰ ਹਮੇਸ਼ਾ ਉੱਪਰ ਵੱਲਿਆ ਚੁੱਕਿਆ। ਅਜਿਹਾ ਕਰਨ ਵਿੱਚ ਬਹੁਤ ਘੱਟ ਗਾਇਕ ਸਫ਼ਲ ਹੋਏ। ਅੱਜ ਬੱਬੂ ਮਾਨ ਦੀ ਜੁਬਾਨੋਂ ਨਿਕਲੀ ਛੋਟੀ ਜਿਹੀ ਤੁੱਕ ਵੀ ਲੋਕਾਂ ਨੂੰ ਲੁਭਾ ਜਾਂਦੀ ਐ, ਜਿਵੇਂ ਵੇਚ ਕਿ ਕਿੱਲਾ ਬਾਪੂ ਰੈਲੀ ਕਰਨੀ ਐ। ਬੱਬੂ ਮਾਨ ਇੰਝ ਗਾਉਂਦਾ ਐ, ਜਿਵੇਂ ਕੋਈ ਨਸ਼ੇ 'ਚ ਧੁੱਤ ਬੰਦਾ, ਨਸ਼ਾ ਗਾਇਕੀ ਦਾ ਵੀ ਕੋਈ ਘੱਟ ਨਈ। ਬੱਬੂ ਮਾਨ ਗਾਉਂਦਿਆਂ ਆਪਣੀ ਪੂਰੀ ਜਾਨ ਝੋਂਕ ਦਿੰਦਾ ਹੈ। ਕਿਸੇ ਨੇ ਕਿਹਾ ਹੈ ਕਿ ਜਦੋਂ ਤੁਸੀਂ ਹੰਡਰਡ ਪੈਂਰਸੇਂਟ ਲਗਾਉਂਦੇ ਹੋ, ਤਾਂ ਨਤੀਜਿਆਂ ਤੋਂ ਨਾ ਡਰੋ। ਨਤੀਜੇ ਤਾਂ ਸਹੀ ਆਉਣਗੇ।

ਬੱਬੂ ਮਾਨ ਦੇ ਨਾਲ ਜੋ ਜੋ ਦੀ ਤੁਲਨਾ ਮੈਂ ਕਿਉਂ ਕੀਤੀ। ਇਹ ਦੱਸਣਾ ਵੀ ਤਾਂ ਬਣਦਾ ਐ। ਅੱਜ ਯੂ ਟਿਊਬ 'ਤੇ ਬੱਬੂ ਮਾਨ ਦੇ ਗੀਤ ਸੁਣਦਿਆਂ, ਜੋ ਜੋ ਵਿਰੋਧੀ ਪ੍ਰਤਿਕ੍ਰਿਆਵਾਂ ਨੂੰ ਸੁਣ ਪਹੁੰਚ ਗਿਆ। ਜਿੱਥੇ ਕਰਨ ਜਸਬੀਰ, ਜੋ ਹੁਣ ਜੱਸੀ ਜਸਰਾਜ ਬਣ ਚੁੱਕਿਆ ਹੈ, ਜੋ ਜੋ ਉੱਤੇ ਪੂਰੀ ਤਰ੍ਹਾਂ ਵਰ੍ਹ ਰਿਹਾ ਸੀ। ਉਸਦੀ ਪੂਰੀ ਇੰਵਰਵਿਊ ਸੁਣ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਮੁਲਾਕਾਤ ਜੋ ਜੋ ਨਾਲ ਕਈ ਸਾਲ ਪਹਿਲਾਂ ਹੋਈ ਸੀ ਦਿੱਲੀ ਦੇ ਵਿੱਚ।

ਫਿਰ ਅਚਾਨਕ ਜੋ ਜੋ ਹਨੀ ਸਿੰਘ ਦਾ ਨਾਂਅ ਚਮਕ ਗਿਆ। ਉਸਨੇ ਜੋ ਵੀ ਊਲ ਜੂਲ ਗਿਆ, ਮਿੰਡਰ ਨੇ ਖਿੜ੍ਹੇ ਮੱਥ ਪ੍ਰਵਾਨ ਕੀਤਾ। ਉਸਦੀ ਆਲੋਚਨਾ ਵੀ ਹੋਈ। ਕੁੱਝ ਵਰ੍ਹੇ ਪਹਿਲਾਂ ਪੰਜਾਬੀ ਸੰਗੀਤਕ ਦਰਿਆ ਨਿਤਰਿਆ ਸੀ, ਇਸਦੇ ਆਉਣ 'ਤੇ ਫਿਰ ਪਾਣੀ ਗੰਧਲਾ ਹੋ ਗਿਆ। ਦਲਜੀਤ ਦੁਸਾਂਝ ਅਤੇ ਗਿੱਪੀ ਗਰੇਵਾਲ, ਨੂੰ ਪਤਾ ਨਈ ਕਿਹੜੇ ਤਵੀਤ ਪਿਲਾਏ ਨੇ, ਹਨੀ ਬਿਨ੍ਹਾਂ ਗਾਉਂਦੇ ਨਈ, ਜਦੋਂਕਿ ਇਹਨਾਂ ਨੂੰ ਸਫ਼ਲਤਾ ਬਹੁਤ ਪਹਿਲਾਂ ਮਿਲ ਗਈ ਸੀ। ਇੱਕ ਨੂੰ ਅਲੱੜ੍ਹ ਕੁਆਰੀਆਂ ਅਤੇ ਦੂਜੇ ਨੂੰ ਫੁਲਕਾਰੀ ਦੇ ਨਾਲ।

ਜਾਂਦੇ ਜਾਂਦੇ ਐਨਾ ਹੀ ਕਹਿਣਾ ਐ ਮਿੱਤਰੋ, ਪੰਜਾਬੀ ਗਾਇਕੀ ਨੂੰ ਬੱਬੂ ਮਾਨ ਜਿਹੇ ਉੱਚੀ ਸੋਚ ਦੇ ਬੰਦਿਆਂ ਦੀ ਲੋੜ ਹੈ, ਹਨੀ ਜਿਹੇ ਨਚਾਰਾਂ ਦੀ ਨਈ।