Tuesday, May 29, 2012

ਫੇਸਬੁੱਕ ਨੂੰ ਲੈਕੇ ਕੀ ਕਹਿੰਦੇ ਨੇ ਸਾਡੇ ਗਾਇਕ

ਮਾਰਕ ਜੈਕਬਰਗ, ਜੋ ਫੇਸਬੁੱਕ ਦਾ ਮਾਲਕ ਹੈ, ਜਿਸਦਾ ਨਾਂਅ ਇਤਿਹਾਸ ਦੇ ਪੰਨਿਆਂ ਦੇ ਵਿੱਚ ਮਹਾਨ ਬਿਜ਼ਨਸਮੈਨ ਦੇ ਰੂਪ ਵਿੱਚ ਦਰਜ ਹੋ ਗਿਆ। ਉਮਰ ਕਿੰਨੀ ਕੁ ਐ, ਮੇਰੇ ਤੋਂ ਕਰੀਬਨ ਉਹ ਪੰਜ ਮਹੀਨੇ ਵੱਡਾ ਐ, ਉਸਦਾ ਜਨਮ 14 ਮਈ 1984 ਨੂੰ ਹੋਇਆ। ਬਿਜ਼ਨਸ ਸ਼ੁਰੂ ਕੀਤਿਆਂ ਵੀ ਕੋਈ ਜਿਆਦਾ ਵੇਲਾ ਨਈ ਹੋਇਆ ਐ। ਇਸ ਦੀ ਸਫ਼ਲਤਾ ਉਨ੍ਹਾਂ ਲੋਕਾਂ ਦੇ ਲਈ ਮੂੰਹ ਤੋੜ ਜੁਆਬ ਐ, ਜੋ ਕਹਿੰਦੇ ਨੇ ਕਿ ਬਿਜਨਸ ਖੜ੍ਹਾ ਕਰਨ 'ਚ ਇੱਕ ਪੀੜ੍ਹੀ ਨਿਕਲ ਜਾਂਦੀ ਐ। ਫੇਸਬੁੱਕ ਦੀ ਸ਼ੁਰੂਆਤ ਗੂਗਲ ਦੀ ਵੇਬਸਾਈਟ ਓਰਕੁਟ ਦੇ ਨਾਲ ਹੋਈ, ਕਰੀਬਨ 4 ਫਰਵਰੀ 2004, ਫੇਸਬੁੱਕ ਓਰਕੁਟ ਤੋਂ ਛੇ ਸੱਤ ਦਿਨ ਛੋਟੀ ਐ ਉਮਰ 'ਚ, ਪ੍ਰੰਤੂ ਲੋਕਪ੍ਰਿਅਤਾ 'ਚ ਬਹੁਤ ਵੱਡੀ।

ਜਦੋਂ ਉਸ ਰੱਬ ਦੀ ਕ੍ਰਿਪਾ ਵਰ੍ਹਦੀ ਐ, ਤਾਂ ਦੁਨੀਆ ਆਪ ਮੁਹਾਰੇ ਕਸੀਦੇ ਕੱਢਣੇ ਸ਼ੁਰੂ ਕਰ ਦਿੰਦੀ ਐ। ਮਾਰਕ ਜੈਕਬਰਗ ਨੂੰ ਪੰਜਾਬੀ ਨਈ ਆਉਂਦੀ, ਜੇਕਰ ਕਿੱਧਰੇ ਉਸਨੂੰ ਥੋੜ੍ਹੀ ਮੋਟੀ ਵੀ ਪੰਜਾਬੀ ਦੀ ਸਮਝ ਹੁੰਦੀ ਤਾਂ ਉਹ ਆਪਣੇ ਪ੍ਰਮੋਸ਼ਨ ਦੇ ਲਈ ਪੰਜਾਬੀ ਗੀਤਕਾਰਾਂ 'ਤੇ ਗਾਇਕਾਂ ਦਾ ਸਨਮਾਨ ਵੀ ਕਰਦਾ, ਕਿਉਂਕਿ ਫੇਸਬੁੱਕ ਨੂੰ ਲੋਅਪ੍ਰਿਆ ਬਣਾਉਣ ਦੇ ਲਈ ਪੰਜਾਬੀ ਸੰਗੀਤ ਦਾ ਵਧੇਰਾ ਵੱਡਾ ਹੱਥ ਆਏ।

ਕਮਲ ਹੀਰ ਆਖਦਾ ਐ, ਭੋਰਾ ਨਈ ਉਦਾਸੀ ਵੇਖੀ ਸੋਹਣੇ ਮੁੱਖ 'ਤੇ ਮੈਂ, ਰਾਤੀਂ ਉਹਦੀ ਫੋਟੋ ਵੇਖੀ ਫੇਸਬੁੱਕ 'ਤੇ ਮੈਂ। ਉੱਥੇ ਕੁੜ੍ਹੀ ਨੂੰ ਚਿਤਾਵਨੀ ਦਿੰਦਿਆਂ ਮਾਲਵੇ ਦਾ ਨੌਜਵਾਨ ਗਾਇਕ ਗੁਰਵਿੰਦਰ ਬਰਾੜ ਕਹਿੰਦਾ ਐ, ਫੇਸਬੁੱਕ 'ਤੇ ਫੇਕ ਫੋਟੋਆਂ ਪਾਉਣ ਵਾਲੀਏ ਨੀ, ਜਾ ਅਸੀਂ ਨੀ ਤੈਨੂੰ ਚਾਹੁੰਣਾ ਐ, ਸਭ ਨੂੰ ਚਾਹੁਣ ਵਾਲੀ ਨੀ। ਗੁਰਵਿੰਦਰ ਬਰਾੜ ਜਿੱਥੇ ਠੁਕਰਾ ਰਿਹਾ ਐ, ਉੱਥੇ ਹੀ ਤੇਰੀਆਂ ਯਾਦਾਂ ਦੇ ਨਾਲ ਪੰਜਾਬੀ ਗਾਇਕੀ ਦੇ ਪਿੜ੍ਹ ਵਿੱਚ ਕਦਮ ਰੱਖਣ ਵਾਲਾ ਬਿੱਲ ਸਿੰਘ ਬੋਲੀਆਂ ਟੱਪਿਆਂ ਦੇ ਰਾਹੀਂ ਫੇਸਬੁੱਕ 'ਤੇ ਕੁੜ੍ਹੀ ਤੋਂ ਪੂਰੀ ਡਿਟੇਲ ਮੰਗ ਰਿਹਾ ਐ। ਜਦੋਂਕਿ ਯੰਗ ਸੂਰਮਾ ਤੇ ਕੁਲਦੀਪ ਧਾਲੀਵਾਲ ਗਾ ਰਹੇ ਨੇ ਕਿ ਤੇਰੇ ਤੋਂ ਦੂਰ ਹੋ ਜਾਣਾ, ਜਦੋਂ ਉੱਤੇ ਫੇਸਬੁੱਕ 'ਤੇ ਮਸ਼ਹੂਰ ਹੋ ਜਾਣਾ। ਚੁਸਕੀਆਂ ਲੈਣ ਦਾ ਸ਼ੌਕੀਨ ਭਗਵੰਤ ਮਾਨ ਚੁਸਕੀ ਲੈਂਦਿਆਂ ਕੁੱਝ ਇੰਝ ਗਾ ਰਿਹਾ ਐ, ਫਿਰਦੇ ਨੇ ਲੈਪਟੋਪ ਚੱਕੀ ਮਿੱਤਰੋ, 21ਵੀਂ ਸਦੀ ਤਰੱਕੀ ਮਿੱਤਰੋ, ਵਾਲ ਰੰਗਵਾਕੇ, ਟੈਟੂ ਘੁਣ ਵਾਕੇ, ਮੁੰਡੇ ਦਾ ਧਿਆਨ ਫੈਂਕੀ ਲੁੱਕ 'ਤੇ, ਚੜ੍ਹਦੀ ਜੁਆਨੀ ਫਿਰੇ ਹਾਣ ਭਾਲ ਦੀ ਫੇਸਬੁੱਕ 'ਤੇ।

ਭਗਵੰਤ ਮਾਨ ਦੀ ਗੱਲ 'ਤੇ ਫੁੱਲ ਚੜ੍ਹਾਉਂਦਿਆਂ ਨੌਜਵਾਨ ਗਾਇਕ ਦਿਓਲ ਦਿਲਜਾਨ ਆਪਣੇ ਅਹਿਸਾਸਾਂ ਨੂੰ ਇੰਝ ਫੋਲਦਾ ਐ, ਫੇਸਬੁੱਕ 'ਤੇ ਤੱਕਿਆ ਸੀ ਤੇਰਾ ਫੇਸ ਰਿਕਾਣੇ ਨੀ, ਉਸੇ ਦਿਨ ਤੋਂ ਹੋ ਗਏ ਆਂ ਤੇਰੇ ਦੀਵਾਨੇ ਨੀ, ਬਣ ਬੈਠਾ ਮੈਂ ਪੁਜਾਰੀ ਤੇਰੇ ਦਿਲ ਦੇ ਮੰਦਰ ਦਾ, ਤੂੰ ਵਿੱਚ ਕਨੇਡਾ ਰਹਿਣੀ ਐ, ਮੈਂ ਜੱਟ ਜਲੰਧਰ ਦਾ।

ਸ਼ਾਇਕ ਪੂਰੇ ਮਾਮਲੇ ਦਾ ਜਾਇਜਾ ਲੈਣ ਮਗਰੋਂ ਬਲਵੀਰ ਉੱਪਲ ਨੇ ਇਹ ਗਾਉਣਾ ਵਧੇਰੇ ਮੁਨਾਸਿਬ ਸਮਝਿਆ, ਇੰਟਰਨੈੱਟ 'ਤੇ ਨਵੇਂ ਫਰੈਂਡ ਬਨਾਉਂਦੇ ਰਹਿੰਦੇ ਨੇ, 24 ਘੰਟੇ ਵੇਹਲੇ ਇਸ਼ਕ ਲੜਾਉਂਦੇ ਰਹਿੰਦੇ ਨੇ, ਫੇਸਬੁੱਕ ਨੇ ਕਮਲੇ ਕਰਤਾ ਮੁੰਡੇ ਕੁੜ੍ਹੀਆਂ ਨੂੰ, ਵੈਬਕੈਮ ਨੇ ਸੈਂਟੀ ਕਰਤਾ ਮੁੰਡੇ ਕੁੜ੍ਹੀਆਂ ਨੂੰ।

ਇਹਨਾਂ ਗੀਤਾਂ ਦੇ ਨਾਲ ਪੰਜਾਬੀ ਗਾਇਕਾਂ ਦੀਆਂ ਕੈਸਿਟਾਂ ਚੱਲੀਆਂ ਕਿ ਨਈ ਇਹ ਤਾਂ ਪਤਾ ਨਈ, ਪ੍ਰੰਤੂ ਇਹਨਾਂ ਗੀਤਾਂ ਦੀ ਬਦੌਲਤ ਮੇਰਾ ਹਮਉਮਰ ਮਾਰਕ ਜੈਕਬਰਗ ਅੱਜ ਸਭ ਤੋਂ ਜਿਆਦਾ ਪੈਸੇ ਵਾਲਿਆਂ ਦੀ ਸ਼੍ਰੈਣੀ ਵਿੱਚ ਸ਼ਾਮਿਲ ਐ, ਤੇ ਗੀਤਾਂ ਦੇ ਰਾਹੀਂ ਹੋਏ ਪ੍ਰਚਾਰ ਕਰਕੇ ਨੌਜਵਾਨ ਮੁੰਡੇ ਕੁੜ੍ਹੀਆਂ ਈ ਨਈ, ਸਗੋਂ ਸਕੂਲੀ ਪੜ੍ਹਦੇ ਬੱਚੇ ਵੀ ਆਉਣ ਲੱਗੇ ਨੇ।

ਦੁਨੀਆਂ ਵਿੱਚ ਮਾੜੇ ਚੰਗੇ ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ, ਇੱਥੇ ਵੀ ਕੁੱਝ ਇਸ ਤਰ੍ਹਾਂ ਈ ਐ। ਇਹ ਵੀ ਇੱਕ ਦੁਨੀਆ ਐ। ਜਰਾ ਬਚ ਕੇ ਫੇਸਬੁੱਕ ਤੋਂ।