Wednesday, June 20, 2012

ਮੁਸ਼ਕਲਾਂ ਨੂੰ ਪੌੜ੍ਹੀਆਂ ਮੰਨਣ ਵਾਲਾ ਸਖ਼ਸ ਹੈ ਕੇਵਲ ਹੀਰਾ

ਕੋਈ ਕਿਸੇ ਦਾ ਪ੍ਰੇਰਨਾਸਰੋਤ ਨਈ ਹੁੰਦਾ, ਜਦੋਂ ਕਿਸੇ ਦੇ ਮੂੰਹੋਂ ਇਹ ਸ਼ਬਦ ਸੁਣਦਾ ਹਾਂ ਤਾਂ ਮੈਨੂੰ ਅਜੀਬ ਜਿਹਾ ਲੱਗਦਾ ਐ, ਇੰਝ ਲੱਗਦਾ ਐ, ਕਿ ਬੰਦਾ ਸ਼ਰੇਆਮ ਝੂਠ ਬੋਲ ਰਿਹਾ ਐ, ਕਿਉਂਕਿ ਸਾਡੇ ਆਲੇ ਦੁਆਲੇ ਘੁੰਮ ਰਿਹਾ ਹਰ ਵਿਅਕਤੀ ਕਿਸੇ ਨਾਲ ਕਿਸੇ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੁੰਦਾ ਐ, ਇਹ ਪ੍ਰਭਾਵ ਹੀ ਤਾਂ ਹੁੰਦਾ ਐ ਕਿ ਵਿਅਕਤੀ ਲੱਖ ਮੁਸ਼ਕਲਾਂ ਦੇ ਬਾਅਦ ਵਿੱਚ ਆਪਣੀ ਮੰਜ਼ਿਲ ਤੱਕ ਪੁੱਜ ਜਾਂਦਾ ਐ। ਅਜਿਹੀ ਹੀ ਇੱਕ ਮਿਸਾਲ ਹੈ ਸਵੀਟ ਸੌਂਗ ਮਿਊਜ਼ਿਕ ਕੰਪਨੀ ਦੇ ਵਿੱਚ ਕੰਮ ਕਰਦਾ ਕੇਵਲ ਹੀਰਾ, ਜਿਸਦਾ ਅਸਲੀ ਨਾਂਅ 'ਤੇ ਕੇਵਲ ਸਿੰਘ ਹੈ, ਪ੍ਰੰਤੂ ਪੰਜਾਬੀ ਗਾਇਕ ਲਾਭ ਹੀਰਾ ਜੀ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਜਿੰਦਗੀ ਦੀਆਂ ਹਰ ਮੁਸ਼ਕਲਾਂ ਵਿੱਚ ਉਸਦਾ ਨਾਂਅ ਧਿਆਉਂਦਿਆਂ ਅੱਗੇ ਵੱਧ ਗਿਆ। ਲੋਕਾਂ ਨੇ ਕੇਵਲ ਸਿੰਘ ਨੂੰ ਕੇਵਲ ਹੀਰਾ ਬੁਲਾਉਣਾ ਸ਼ੁਰੂ ਕਰ ਦਿੱਤਾ।

ਕੇਵਲ ਹੀਰੇ ਦਾ ਜਨਮ 4 ਅਪ੍ਰੈਲ 1984 ਨੂੰ ਸ੍ਰੀਮਤੀ ਨਸੀਬ ਕੌਰ ਦੀ ਕੁੱਖੋਂ ਮਿੱਠੂ ਸਿੰਘ ਦੇ ਘਰ ਮਾਨਸਾ ਲਾਗਲੇ ਪਿੰਡ ਭੱਖਡਿਆਲ ਵਿਖੇ ਹੋਇਆ। ਕੇਵਲ ਹੀਰੇ ਨੇ ਪੜ੍ਹਨਾ ਲਿਖਣਾ ਸ਼ੁਰੂ ਹੀ ਕੀਤਾ ਸੀ ਕਿ ਇੱਕ ਬਿਮਾਰੀ ਨੇ ਉਸਨੂੰ ਆਣ ਘੇਰ ਲਿਆ। ਬੀਮਾਰੀ ਦੇ ਚੱਲਦੇ ਕੇਵਲ ਨੂੰ ਪੜ੍ਹਾਈ ਛੱਡਣੀ ਪਈ। ਕੁੱਝ ਸਾਲਾਂ ਬਾਅਦ ਕੇਵਲ ਦੇ ਪਿਤਾ ਨੇ ਉਸਦੇ ਭਵਿੱਖ ਨੂੰ ਵੇਖਦਿਆਂ ਉਸਨੂੰ ਮੈਡੀਕਲ ਦੀ ਦੁਕਾਨ ਉੱਤੇ ਕੰਮ ਕਰਨ ਲਗਾ ਦਿੱਤਾ। ਇੱਥੇ ਮਨ ਨਾ ਲੱਗਿਆ 'ਤੇ ਕੇਵਲ ਬੋਰ ਲਾਉਣ ਵਾਲਿਆਂ ਦੇ ਨਾਲ ਤੁਰ ਪਿਆ, ਜਿੱਥੇ ਉਸਨੇ ਪੂਰੀ ਸ਼ਿੱਦਤ ਨਾਲ ਕੰਮ ਕੀਤਾ। ਇਸ ਦੌਰਾਨ ਉਸਦੀ ਮੁਲਾਕਾਤ ਗੁਲਸ਼ਨ ਸਰਦਾਨਾ ਜੀ ਨਾਲ ਹੋਈ, ਜੋ ਪੇਸ਼ੇ ਤੋਂ ਸੀਏ ਸਨ, ਉਹਨਾਂ ਨੇ ਕੇਵਲ ਦੇ ਅੰਦਰਲੇ ਹੀਰੇ ਦੀ ਚਮਕ ਨੂੰ ਬਾਖੂਬੀ ਪਹਿਚਾਣਿਆ, 'ਤੇ ਆਪਣੇ ਨਾਲ ਜੋੜ੍ਹ ਲਿਆ। ਇੱਥੇ ਕੇਵਲ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਨਵੇਂ ਨਵੇਂ ਲੋਕਾਂ ਨਾਲ ਮੇਲ ਮਿਲਾਪ ਸ਼ੁਰੂ ਹੋ ਗਿਆ। ਇਸ ਦੌਰਾਨ ਕੇਵਲ ਦੀ ਜਾਣ ਪਹਿਚਾਣ ਸਵੀਟ ਸੌਂਗ ਮਿਊਜ਼ਿਕ ਕੰਪਨੀ ਦੇ ਮਾਲਕ ਭਾਈ ਸੈਂਬਰ ਪ੍ਰੀਤ ਨਾਲ ਹੋਈ, ਜਿਨ੍ਹਾਂ ਨੇ ਕੇਵਲ ਹੀਰੇ ਨੂੰ ਆਪਣੀ ਕੰਪਨੀ ਦੇ ਲਈ ਕੰਮ ਕਰਨ ਦਾ ਆਫ਼ਰ ਦਿੱਤਾ। ਸੰਗੀਤਕ ਦੁਨੀਆ ਦੇ ਨਾਲ ਪਿਆਰ ਹੋਣ ਕਾਰਣ ਕੇਵਲ ਹੀਰੇ ਨੇ ਇਸ ਨੌਕਰੀ ਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ।

ਹੁਣ ਉਹ ਆਪਣੀ ਜਿੰਦਗੀ ਦੇ ਵਿੱਚ ਵਧੇਰੇ ਖੁਸ਼ ਹੈ, ਭਾਵੇਂ ਉਸਦਾ ਜਨਮ ਇੱਕ ਮੱਧਵਰਗੀ ਪਰਿਵਾਰ ਵਿੱਚ ਹੋਇਆ, ਭਾਵੇਂ ਉਹ ਸਕੂਲੀ ਕਿਤਾਬਾਂ ਜਿਆਦਾ ਸਮੇਂ ਤੱਕ ਨਈ ਪੜ੍ਹ ਪਿਆ। ਉਹ ਸ਼ੁਕਰਗੁਜਾਰ ਐ, ਉਸ ਮਹਾਨ ਗਾਇਕ ਲਾਭ ਹੀਰਾ ਹੁਰਾਂ ਦਾ ਜਿਨ੍ਹਾਂ ਦੇ ਗੀਤਾਂ ਨੇ ਉਸਨੂੰ ਬੁਰੇ ਵਕਤ 'ਚ ਇੱਕ ਨਵੀਂ ਰਾਹ ਵਿਖਾਈ। ਕੇਵਲ ਹੀਰਾ ਲਾਭ ਹੀਰੇ ਨੂੰ ਕਿੰਝ ਪੂਜਦਾ ਐ, ਇਹ ਗੱਲ ਤਾਂ ਉਸਦੇ ਇੱਕ ਸ਼ੇਅਰ ਤੋਂ ਬਿਆਨ ਹੁੰਦੀ ਐ।

ਕੋਈ ਪਥਰਾਂ ਤੇ ਨਾਂਅ ਲਿਖਦਾ ਹੈ, ਤੇ ਕੋਈ ਲਿਖਦਾ ਬਾਹਾਂ ਤੇ
ਅਸੀਂ "ਕਲਮ ਇਸ਼ਕ਼ ਦੀ" ਨਾਲ ਸੱਜਣਾ, ਤੇਰਾ ਨਾਂਅ ਲਿਖ ਬੈਠੇ ਸਾਹਾਂ ਤੇ

ਜਿੰਦਗੀ ਦੇ ਵਿੱਚ ਹਰ ਵਿਅਕਤੀ ਕਿਸੇ ਨਾਲ ਕਿਸੇ ਸ਼ਖ਼ਸੀਅਤ ਤੋਂ ਜਰੂਰ ਪ੍ਰਭਾਵਿਤ ਹੁੰਦਾ ਐ, ਉਹ ਗੱਲ ਵੱਖਰੀ ਐ ਕਿ ਕੁੱਝ ਵਿਅਕਤੀ ਹਿਰਨ ਵਾਂਗੂੰ ਕਸਤੂਰੀ ਤੋਂ ਅਣਜਾਣ ਹੁੰਦੇ ਨੇ।

Wednesday, June 6, 2012

ਹਰਜੀਤ ਹਰਮਨ ਦੇ ਨਾਲ ਸਬੱਬੀ ਹੋਈ ਮੁਲਾਕਾਤ ਦਾ ਜ਼ਿਕਰ

ਓਹ ਪਲ ਕਦੇ ਭੁਲਾਇਆ ਨਈ ਭੁੱਲਦਾ, ਜਦੋਂ ਮੈਂ ਪਿੰਡ ਜਾਣ ਦੇ ਲਈ ਬਠਿੰਡੇ ਵਾਲੇ ਬੱਸ ਅੱਡੇ ਵੱਲ ਵੱਧ ਰਿਹਾ ਸੀ, ਅਤੇ ਬੱਸ ਸਟੈਂਡ ਨੂੰ ਅੰਦਰ ਜਾਂਦੇ ਰਾਹ ਵਾਲੀ ਕੰਧ 'ਤੇ ਹਰਜੀਤ ਹਰਮਨ ਦੀ ਨਵੀਂ ਆਉਣ ਵਾਲੀ ਕੈਸਿਟ ਦਾ ਪੋਸਟਰ ਲੱਗਿਆ ਹੋਇਆ ਸੀ, ਜਿਸਦੇ ਅਚਾਨਕ ਮੇਰੀ ਨਜ਼ਰ ਪਈ। ਵੇਖਦਿਆਂ ਦਿਲ ਨੇ ਕਿਹਾ ਕਿ ਬੰਦਾ ਵਧੀਆ ਗਾਉਂਦਾ ਐ, ਪਰ ਸਰੋਤੇ ਅਜਿਹੇ ਬੰਦੇ ਨੂੰ ਸੁਣਦੇ ਈ ਨਈ। ਜਦੋਂ ਵੀ ਕਿਸੇ ਮਿਹਨਤੀ ਬੰਦੇ ਨੂੰ ਕੋਸ਼ਿਸ਼ ਕਰਦਿਆਂ ਵੇਖਦਾ ਹਾਂ, ਤਾਂ ਦਿਲ ਕਹਿੰਦਾ ਐ, ਜੇਕਰ ਇਹਦਾ ਮੇਰੇ ਨਾਲ ਮੇਲ ਹੋ ਜਾਵੇ ਤਾਂ ਮੈਂ ਇਸ ਨੂੰ ਤਰੀਕੇ ਦੱਸ ਸਕਦਾ ਹਾਂ ਕਿਵੇਂ ਹਿੱਟ ਹੋ ਸਕਦਾ ਐ, ਪ੍ਰੰਤੂ ਅਜਿਹਾ ਨਈ ਹੁੰਦਾ। ਇਸ ਵੇਲੇ ਮੇਰੀ ਸਥਿਤੀ ਉਂਝ ਹੀ ਹੁੰਦੀ ਐ, ਜਿਵੇਂ ਕੱਬਡੀ ਖੇਡਦਿਆਂ ਮੈਨੂੰ ਵੇਖਣ ਆਏ ਲੋਕਾਂ ਦੀ, ਮੈਂ ਅੰਦਰ ਜਾਫ਼ੀ ਨਾਲ ਜਦੋਜਹਿਦ ਕਰਦਾ 'ਤੇ ਉਹ ਬਾਹਰ ਬੈਠੇ ਜ਼ੋਰ ਮਾਰਦੇ।

ਕੁੱਝ ਦਿਨਾਂ ਬਾਅਦ ਹਰਮਨ ਦੀ ਕੈਸਿਟ ਦੀ ਐਡ ਚੈਨਲਾਂ 'ਤੇ ਵੱਜਣ ਲੱਗੀ ਅਤੇ ਵੇਖਦਿਆਂ ਵੇਖਦਿਆਂ ਗੀਤਾਂ ਨੇ ਘਰ ਘਰ ਜਗ੍ਹਾ ਬਣਾ ਲਈ। ਹਰਜੀਤ ਹਰਮਨ ਹਿੱਟ ਹੋ ਗਿਆ। ਇੱਕ ਨਾਰਮਲ ਜਿਹੇ ਗੀਤ ਪੰਜੇਬਾਂ ਨਾਲ। ਇਸ ਤਰ੍ਹਾਂ ਦੇ ਵਿਸ਼ੇ 'ਤੇ ਵਧੇਰੇ ਗੀਤ ਬਣੇ, ਪਰ ਚੰਗਾ ਹੋਇਆ ਕਿ ਹਰਮਨ ਦੀ ਮੇਹਨਤ ਦਾ ਮੁੱਲ ਪਿਆ। ਮੈਨੂੰ ਖੁਸ਼ੀ ਹੋਈ, ਚੱਲ ਇੱਕ ਚੰਗਾ ਗਾਇਕ ਹਿੱਟ ਹੋਇਆ, ਪੰਜੇਬਾਂ ਦੇ ਵਿਚਲਾ ਗੀਤ ਪੰਜਾਬ ਵੀ ਬੇਹੱਦ ਮਕਬੂਲ ਹੋਇਆ, ਜੋ ਬੇਹੱਦ ਪਿਆਰਾ ਲਿਖਿਆ ਸੀ ਪ੍ਰਗਟ ਸਿੰਘ ਨੇ। ਉਸਦੇ ਬਾਅਦ ਤੋਂ ਹੋਈ ਹਰਜੀਤ ਹਰਮਨ ਦੀ ਬੱਲੇ ਬੱਲੇ ਨੂੰ ਕੌਣ ਨਈ ਜਾਣਦਾ। ਹੁਣ ਤਾਂ ਕੁੱਝ ਦਿਨਾਂ ਬਾਅਦ ਦੇਸੀ ਰੋਮੀਜ਼ ਦੇ ਵਿੱਚ ਉਹ ਅਦਾਕਾਰੀ ਵੀ ਕਰਦਾ ਹੋਇਆ ਨਜ਼ਰ ਆਵੇਗਾ।

ਹਰਮਨ ਦੀ ਪੰਜੇਬਾਂ ਹਿੱਟ ਹੋਈ, ਤਾਂ ਹਰਮਨ ਦੇ ਸ਼ੋਅ ਹੋਣੇ ਲਾਜ਼ਮੀ ਸੀ। ਸ਼ੋਅ ਦੇ ਸਿਲਸਿਲੇ ਵਿੱਚ ਉਹ ਬਠਿੰਡੇ ਵਿੱਚ ਦੀ ਲੰਘਿਆ, ਤਾਂ ਮੇਰੇ ਦੋਸਤ ਜਤਿੰਦਰ ਗੋਭੀਵਾਲਾ ਨੇ ਮੈਨੂੰ ਕਾਲ ਕੀਤੀ ਕਿ ਹਰਮਨ ਬਠਿੰਡੇ ਆਇਆ ਹੋਇਆ ਐ, ਜੇਕਰ ਤੂੰ ਉਸ ਨਾਲ ਗੱਲਬਾਤ ਕਰਨੀ ਐ, ਤਾਂ ਇੱਥੇ ਆ ਜਾ। ਮੈਂ ਫੋਟੋਗ੍ਰਾਫ਼ਰ ਨੂੰ ਲੈਕੇ ਹਰਮਨ ਦੇ ਕੋਲ ਪੁੱਜਿਆ, ਕੁੱਝ ਸੁਆਲ ਜੁਆਬ ਕੀਤੇ, ਨਵੀਂ ਮਿਲੀ ਸਫ਼ਲਤਾ ਦੀ ਵਧਾਈ ਦਿੱਤੀ। ਠੰਡ ਦਾ ਮੌਸਮ ਸੀ, ਮੇਰੇ ਨਾਂਹ ਕਹਿਣ ਪਿੱਛੋਂ ਹਰਮਨ ਨੇ ਠੰਡੇ ਜੂਸ ਦਾ ਆਰਡਰ ਦਿੱਤਾ ਖੁਦ ਵਾਸਤੇ, ਮੈਂ ਸੋਚਣ ਲੱਗਾ ਸਫ਼ਲਤਾ ਤੋਂ ਬਾਅਦ ਬੰਦੇ ਦੇ ਰਹਿਣ ਸਹਿਣ ਫ਼ਰਕ ਆ ਜਾਂਦਾ ਐ, ਜਾਂ ਪਹਿਲਾਂ ਤੋਂ ਹੀ ਬੰਦਾ ਅਜਿਹਾ ਹੁੰਦਾ ਐ। ਹਰਮਨ ਦੇ ਨਾਲ ਗੱਲਬਾਤ ਕਰਦਿਆਂ ਗੱਲ ਨਿਕਲੀ ਕਿ ਜੇਕਰ ਉਹ ਗਾਇਕੀ ਦੇ ਖੇਤਰ 'ਚ ਸਫ਼ਲ ਨਾ ਹੁੰਦਾ ਤਾਂ ਕਿਤੇ ਮੈਡੀਕਲ ਦੀ ਦੁਕਾਨ ਖੋਲ੍ਹ ਲੈਂਦਾ, ਪ੍ਰੰਤੂ ਰੱਬ ਨੇ ਪ੍ਰਗਟ ਅਤੇ ਹਰਮਨ ਦੀ ਮਿਹਨਤ ਦਾ ਫਲ ਪਾਇਆ।

ਹਰਜੀਤ ਹਰਮਨ ਦੀ ਇੰਟਰਵਿਊ ਦੈਨਿਕ ਜਾਗਰਣ ਦੇ ਵਿੱਚ ਪ੍ਰਕਾਸ਼ਿਤ ਹੋਈ, ਅਤੇ ਹਰਮਨ ਦੇ ਅਖ਼ਬਾਰ ਭੇਜਣ ਦੇ ਲਈ ਆਪਣਾ ਨਾਭੇ ਵਾਲਾ ਪਤਾ ਦਿੱਤਾ, ਪ੍ਰੰਤੂ ਮੈਂ ਠਹਿਰਿਆ ਆਲਸੀ ਬੰਦਾ, ਆਪਣਾ ਕਿੱਥੇ ਅਖ਼ਬਾਰ ਭੇਜਣਾ ਸੀ, ਕਿਉਂਕਿ ਜਦੋਂ ਸਫ਼ਲਤਾ ਆਉਂਦੀ ਐ, ਤਾਂ ਨਾਲ ਬਹੁਤ ਸਾਰੇ ਸੱਜਣ ਮਿੱਤਰਾਂ ਦੀ ਭੀੜ੍ਹ ਵੀ ਲਿਆਉਂਦੀ ਐ, ਅਤੇ ਭੀੜ੍ਹ 'ਚ ਬੰਦੇ ਕਦੋਂ ਯਾਦ ਰਹਿੰਦੇ ਨੇ। ਇਸ ਇੰਟਰਵਿਊ ਦਾ ਇੱਕ ਫਾਇਦਾ ਹੋਇਆ, ਇਸ ਇੰਟਰਵਿਊ ਦੇ ਪ੍ਰਕਾਸ਼ਿਤ ਹੋਣ ਮਗਰੋਂ ਨੈਪਟਿਊਨ ਮੈਗਜ਼ੀਨ ਦੇ ਸੰਪਾਦਕ ਰਵਿੰਦਰ ਜੀ ਦੈਨਿਕ ਜਾਗਰਣ ਆਫ਼ਿਸ ਆਏ, 'ਤੇ ਮੈਨੂੰ ਮਿਲੇ। ਕਹਿੰਦੇ ਕਾਕਾ ਤੂੰ ਕਿੱਥੋਂ ਦਾ ਐ, ਮੈਂ ਦੱਸਿਆ ਕਿ ਮੈਂ ਤਾਂ ਫਲਾਣੇ ਪਿੰਡ ਦਾ ਆਂ, ਉਹ ਕਹਿੰਦੇ ਤਾਇਉਂ ਸਾਡੀ ਮੈਡਮ ਕਹਿੰਦੀ ਸੀ, ਇਹ ਮੁੰਡਾ ਵੇਖਿਆ ਲੱਗਦਾ ਐ, ਦਰਅਸਲ ਉਨ੍ਹਾਂ ਦਿਨਾਂ 'ਚ ਜਾਗਰਣ ਵੱਲੋਂ ਪਾਠਕ ਨੂੰ ਪੁਰਸਕਾਰ ਦਿੰਦਿਆਂ ਦੀ ਫੋਟੋ ਵੀ ਅਖ਼ਬਾਰ ਪ੍ਰਕਾਸ਼ਿਤ ਹੋਈ ਸੀ, ਜੋ ਉਹਨਾਂ ਦੀ ਮੈਡਮ ਨੇ ਵੇਖੀ, ਜੋ ਮੇਰੇ ਪੰਜਾਬੀ ਦੇ ਸਕੂਲ ਟੀਚਰ ਸਨ। ਇਸ ਮੁਲਾਕਾਤ ਤੋਂ ਬਾਅਦ ਰਵਿੰਦਰ ਜੀ ਨੇ ਆਪਣੀ ਮੈਗਜੀਨ ਦਾ ਪਹਿਲਾ ਅੰਕ ਮੇਰੇ ਹਰਜੀਤ ਹਰਮਨ ਵਾਲੇ ਲੇਖ ਨਾਲ ਪ੍ਰਕਾਸ਼ਿਤ ਕੀਤਾ, ਉਸਦੇ ਬਾਅਦ ਕਦੇ ਵੀ ਨੈਪਟਿਊਨ ਦੇ ਲਈ ਨਈ ਲਿਖਿਆ, ਪਰ ਦੋਸਤੀ ਮਿੱਤਰਤਾ ਐ, ਕਹਿੰਦੇ ਨੇ ਜੋ ਚੀਜ਼ਾਂ ਸਾਡੇ ਕੋਲ ਹੁੰਦੀਆਂ, ਅਸੀਂ ਉਹਨਾਂ ਨੂੰ ਵੇਖ ਹੀ ਨਈ ਪਾਉਂਦੇ। ਐਵੇਂ ਹਿਰਨ ਵਾਂਗੂੰ ਕਸਤੂਰੀ ਲੱਭਦਿਆਂ ਮਰ ਜਾਣੈ ਆਂ। 

Tuesday, June 5, 2012

ਧੋਬੀ ਬਾਜਾਰ 'ਚ ਰੌਣਕ ਲੱਗਦੀ ਹੁਣ ਵਾਂਗ ਸਤਾਰਾਂ ਦੇ

ਮੇਰੇ ਸ਼ਹਿਰ ਬਠਿੰਡੇ ਦੀ ਇੱਕ ਛੋਟੀ ਜਿਹੀ ਸ਼ਿਨਾਖ਼ਤ

ਕਿਲ੍ਹਾ ਮੁਬਾਰਕ ਵਰ੍ਹਿਆਂ ਤੋਂ ਸ਼ਾਨ ਬਠਿੰਡੇ ਦੀ
ਮਾਲ ਰੋਡ ਬਣ ਗਿਆ ਹੁਣ ਜਾਨ ਬਠਿੰਡੇ ਦੀ
 ਸ਼ਾਮ ਢਲੇ ਹੁਣ ਘੁੰਮਦੇ ਗੱਭਰੂ, ਵੇਖੇ ਵਿੱਚ ਬਾਜਾਰਾਂ ਦੇ
ਧੋਬੀ ਬਾਜਾਰ 'ਚ ਰੌਣਕ ਲੱਗਦੀ ਹੁਣ ਵਾਂਗ ਸਤਾਰਾਂ ਦੇ

ਹੋਰ ਫੈਲ ਗਿਆ ਸ਼ਹਿਰ ਬਠਿੰਡਾ ਵਿੱਚ ਮੀਲਾਂ ਦੇ
ਹੁਣ ਥਰਮਲ ਨੇੜੇ ਹੁੰਦੀ ਬੋਟਿੰਗ ਵਿੱਚ ਝੀਲਾਂ ਦੇ
ਲੈਣ ਨਜ਼ਾਰੇ ਲੋਕੀ ਆਉਂਦੇ ਚੜ੍ਹਕੇ ਵਿੱਚ ਬੱਸਾਂ ਕਾਰਾਂ ਦੇ
ਧੋਬੀ ਬਾਜ਼ਾਰ 'ਚ ਰੌਣਕ ਲੱਗਦੀ ਹੁਣ ਵਾਂਗ ਸਤਾਰਾਂ ਦੇ

ਉੱਥੇ ਗਿੱਲ ਤਿਵਾੜ੍ਹੀ ਯਾਰ ਟਿਵਾਣਾ ਵੱਸਦਾ ਐ
ਲਿਖਿਆ ਹਰ ਦਿਲ ਇਨ੍ਹਾਂ ਦਾ ਗਾਣਾ ਵੱਸਦਾ ਐ
ਕੀਤਾ ਕਦ ਉੱਚਾ ਸ਼ਹਿਰ ਮੇਰੇ ਦਾ ਸਦਕੇ ਕਲਾਕਾਰਾਂ ਦੇ
ਧੋਬੀ ਬਾਜ਼ਾਰ 'ਚ ਰੌਣਕ ਲੱਗਦੀ ਹੁਣ ਵਾਂਗ ਸਤਾਰਾਂ ਦੇ

ਰੌਸ਼ਨ ਕੀਤਾ ਨਾਂਅ *ਅਵਨੀਤ ਜਿਹੀਆਂ ਧੀਆਂ ਨੇ
ਹੋਰ ਖੇਤਰਾਂ ਵਿੱਚ ਵੀ ਮਾਰੀਆਂ ਮੱਲਾਂ ਕਈਆਂ ਨੇ
ਫੁੱਲਿਆ ਸ਼ਹਿਰ ਸਮਾਉਂਦਾ ਨਈ ਵਿੱਚ ਜਸ਼ਨ ਬਹਾਰਾਂ ਦੇ
ਧੋਬੀ ਬਾਜ਼ਾਰ 'ਚ ਰੌਣਕ ਲੱਗਦੀ ਹੁਣ ਵਾਂਗ ਸਤਾਰਾਂ ਦੇ

*ਅਵਨੀਤ ਕੌਰ ਬਰਾੜ ਨਿਸ਼ਾਨੇਬਾਜ਼ ਕੁੜ੍ਹੀ..... 

ਫੇਸਬੁੱਕ ਦੇ ਚੱਕਰ ‘ਚ

ਬਾਪੂ ਕਹਿੰਦਾ ਖੇਤ ਨਈ ਆਉਂਦਾ
ਮੈਂ ਆਖਿਆ, ਤੂੰ ਨਈ ਨੈੱਟ ਲਵਾਉਂਦਾ
ਕਹਿਣ ਪਿੱਛੋਂ ਕੇਰਾਂ ਸਾਹ ਠਹਿਰ ਗਿਆ
ਪਰ ਸੁਣਦਿਆਂ ਬਾਪੂ ਸ਼ਹਿਰ ਗਿਆ
ਇੱਕ ਕੀਲੀ ਉੱਥੋਂ ਲੈ ਆਇਆ
ਡੇਕਸਟਾਪ ਫੇਰ ਘਰੋਂ ਚੁਕਾਇਆ 
ਆਪਾਂ ਜਾ ਡੇਰਾ ਖੇਤ ‘ਚ ਲਾਇਆ
ਫੇਸਬੁੱਕ ਵਿੱਚ ਏਨਾ ਖੁੱਭ ਗਏ,
ਨਾ ਘਰ ਦਾ ਚੇਤਾ ਆਇਆ
ਗੁੱਸੇ ਦੇ ਵਿੱਚ ਮਾਂ ਖੇਤ ਨੂੰ ਆਈ 
ਕਹਿੰਦੀ ਘਰ ਦਿਲੋਂ  ਭੁੱਲਾਇਆ
ਚੱਕ ਥੱਕ ਨਈ ਹੁੰਦੀ ਮੈਥੋਂ
ਮੈਂ ਬਹਿ ਮਾਂ ਨੂੰ ਸਮਝਾਇਆ
ਕਹਿੰਦੀ ਤੂੰ ਵੀ ਲੈ ਲੈ,
 ਜੋ ਨਾਜ਼ਰ ਦਾ ਮੁੰਡਾ ਲਿਆਇਆ
ਮੈਨੂੰ ਸਮਝ ਸੀ ਆਈ,
ਬੇਬੇ ਗੱਲ ਲੈਪਟਾਪ ਦੀ ਕਰਦੀ ਐ
ਮੈਂ ਆਖਿਆ ਬੇਬੇ ਮਹਿੰਗਾ ਐ
ਬਾਪੂ ਵਿਖਾਉਣਾ ਸਾਨੂੰ ਠੇਂਗਾ ਐ 
ਕਹਿੰਦੀ ਪੁੱਤਰ ਤੋਂ ਸਭ ਕੁਰਬਾਨ
ਬਾਪੂ ਦੀ ਜੇਬ ਨੂੰ ਹੋਇਆ ਨੁਕਸਾਨ
ਡੇਸਕਟਾਪ ਨੂੰ ਭੁੱਲੇ, ਨਸੀਬ ਖੁੱਲ੍ਹੇ 
ਮੋੜ੍ਹਾਂ ਨੱਕਾ, ਨਾਲੇ ਸਟੇਟਸ ਅਪਡੇਟ ਕਰਾਂ
ਕਦ ਹੋਣਾ ਆਨ ਲਾਈਨ ਤੇਰੀ ਵੇਟ ਕਰਾਂ
ਹੁਣ ਛੱਡਕੇ ਹੋਰ ਕਿਸੇ ਨਾਲ ਟਾਂਕਾ ਜੋੜ੍ਹੀ ਨਾ
ਹੀਰਕਿਆਂ ਵਾਲੇ ਹੈਪੀ ਦਾ ਮਨ ਦਾ ਤੋੜ੍ਹੀ ਨਾ

Monday, June 4, 2012

ਇੱਕ ਕੁੜ੍ਹੀ ਪੰਜਾਬੀ ਦੀ ਬਹਾਨੇ ਕੁੱਝ ਹੋਰ ਵੀ ਗੱਲਾਂ

ਬੀਤੇ ਐਤਵਾਰ ਘਰ ਸਾਂ, ਕਿਤੇ ਨਈ ਗਿਆ। ਮੇਰੇ ਘਰ ਵਿੱਚ ਕੋਈ ਨਹੀਂ ਸੀ ਮੇਰੇ ਬਿਨ੍ਹਾਂ। ਇਸ ਵੇਲੇ ਦਿਮਾਗ ‘ਤੇ ਬਰੇਕ ਲਗਾਉਣ ਦੇ ਲਈ ਟੀ ਵੀ ਆਨ ਕੀਤਾ, 'ਤੇ ਪੰਜਾਬੀ ਚੈਨਲਾਂ ਵੱਲ ਤੁਰਿਆ। ਇਸ ‘ਤੇ ਇੱਕ ਪੰਜਾਬੀ ਫਿਲਮ ਚੱਲ ਰਹੀ ਸੀ ਇੱਕ ਕੁੜ੍ਹੀ ਪੰਜਾਬ ਦੀ, ਜੋ ਅਸਲ ਵਿੱਚ ਬਹੁਤ ਵਧੀਆ ਫ਼ਿਲਮ ਸੀ, ਯਾਰਾਂ ਨਾਲ ਬਹਾਰਾਂ ਵਰਗੀ। ਬੱਸ ਇੱਥੇ ਨਾਮੀਂ ਸਿਤਾਰੇ ਨਹੀਂ ਸਨ, ਬਲਕਿ ਅਦਾਕਾਰੀ ਦੇ ਨਵੇਂ ਚਿਹਰੇ ਸਨ, ਪ੍ਰੰਤੂ ਨਿਰਾਸ਼ ਨਈ ਕੀਤਾ ਇਨ੍ਹਾਂ ਚਿਹਰਿਆਂ ਨੇ, ਕਿਉਂਕਿ ਮਨਮੋਹਨ ਸਿੰਘ ਵਰਗਾ ਡਾਇਰੈਕਟਰ ਕਿਸੇ ਤੋਂ ਵੀ ਕੰਮ ਕੱਢਵਾ ਸਕਦਾ ਐ, ਅਤੇ ਇਹ ਉਸਨੇ ਕਰਕੇ ਵਿਖਾਇਆ ਐ ਹਰ ਵਾਰ।

ਹਰਭਜਨ ਮਾਨ ਨੂੰ ਵੀ ਅਦਾਕਾਰੀ ਦੇ ਦਰ ਉੱਤੇ ਲਿਆਉਣ ਵਾਲਾ ਮਨਮੋਹਨ ਸਿੰਘ ਹੀ ਸੀ। ਮਨਮੋਹਨ ਸਿੰਘ ਦੇ ਸਿਰ ਪੰਜਾਬੀ ਸਿਨੇਮੇ ਨੂੰ ਮੁੜ੍ਹ ਤੋਂ ਜੀਵਤ ਕਰਨ ਦਾ ਸਿਹਰਾ ਜਾਂਦਾ ਐ। ਮੈਨੂੰ ਯਾਦ ਐ, ਜਦੋਂ ਮਨਮੋਹਨ ਸਿੰਘ ਦੀ ਪਹਿਲੀ ਪੰਜਾਬੀ ਨਿਰਦੇਸ਼ਿਤ ਫਿਲਮ ਜੀ ਆਇਆ ਨੂੰ ਵੇਖਣ ਦੇ ਲਈ ਮੈਂ ਆਪਣੇ ਤਾਏ ਦੇ ਮੁੰਡੇ ਨਾਲ ਬੱਸ ਸਟੈਂਡ ਤੋਂ ਸਿੱਧਾ ਸਿਨੇਮਾ ਹਾਲ ਪੁੱਜਿਆ ਸੀ। ਫਿਲਮ ਨੂੰ ਵੇਖਣ ਤੋਂ ਬਾਅਦ ਲੱਗਿਆ ਕਿ ਪੰਜਾਬੀ ਸਿਨੇਮਾ ਮੁੜ੍ਹ ਰਾਹ ‘ਤੇ ਆਉਣ ਵਾਲਾ ਐ। ਹੋਇਆ ਵੀ ਕੁੱਝ ਇੰਝ ਮਨਮੋਹਨ ਸਿੰਘ ਦੀ ਦੂਜੀ ਨਿਰਦੇਸ਼ਿਤ ਫਿਲਮ ਅਸਾਂ ਨੂੰ ਮਾਨ ਵਤਨਾਂ ਦਾ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ, ਅਤੇ ਯਾਰਾਂ ਨਾਲ ਬਹਾਰਾਂ ਕਰਕੇ ਤਾਂ ਮਨਮੋਹਨ ਸਿੰਘ ਨੇ ਪੰਜਾਬੀ ਸਿਨੇਮੇ ਦੀ ਨੁਹਾਰ ਹੀ ਬਦਲ ਦਿੱਤੀ। ਇੱਕ ਕੁੜ੍ਹੀ ਪੰਜਾਬੀ ਦੀ ਤੱਕ, ਤਾਂ ਪੰਜਾਬੀ ਸਿਨੇਮਾ ਆਪਣੇ ਪੱਬਾਂ ਭਾਰ ਹੋ ਚੁੱਕਿਆ ਸੀ। ਹੁਣ ਕਲਾਕਾਰ ਅਦਾਕਾਰੀ ਦੇ ਵੱਲ ਅਤੇ ਕਲਾਕਾਰ ਨਿਰਮਾਤਾ ਬਣਨ ਨਿਕਲ ਪਏ। ਇਸ ਦੌਰਾਨ ਕਈ ਚਿਹਰੇ ਪੰਜਾਬੀ ਸਿਨੇਮੇ ਨੂੰ ਮਿਲੇ, ਜਿਹਨਾਂ ਦੇ ਵਿੱਚ ਇੱਕ ਨਾਂਅ ਅਰਮਿੰਦਰ ਗਿੱਲ ਦਾ ਵੀ ਐ।

ਇੱਕ ਕੁੜ੍ਹੀ ਪੰਜਾਬ ਦੀ ਦਾ ਵਿਸ਼ਾ ਭਲੇ ਹੀ ਨਾਇਕਾ ਮੁੱਖੀ ਸੀ, ਪ੍ਰੰਤੂ ਮਨਮੋਹਨ ਸਿੰਘ ਨੇ ਅਮਰਿੰਦਰ ਗਿੱਲ ਦੇ ਕਿਰਦਾਰ ਨਾਲ ਰਤਾ ਭਰ ਵੀ ਬੇਈਮਾਨੀ ਨਈ ਕੀਤੀ, ਉਸਨੂੰ ਪੂਰਾ ਪੂਰਾ ਮੌਕਾ ਦਿੱਤਾ ਅਤੇ ਅਮਰਿੰਦਰ ਗਿੱਲ ਨੇ ਵੀ ਮਨਮੋਹਨ ਸਿੰਘ ਦਾ ਵਿਸ਼ਵਾਸ ਨਈ ਤੋੜ੍ਹਿਆ। ਇਹ ਕਾਰਣ ਰਿਹਾ ਹੋਣਾ ਐ ਕਿ ਜੋ ਅਮਰਿੰਦਰ ਗਿੱਲ ਨੂੰ ਜਿੰਮੀ ਸ਼ੇਰਗਿੱਲ ਦੇ ਨਾਲ ਮੁੰਡੇ ਯੂਕੇ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ‘ਤੇ ਇਸ ਮੌਕੇ ਨੇ ਅਮਰਿੰਦਰ ਗਿੱਲ ਨੂੰ ਟੌਹਰ ਮਿੱਤਰਾਂ ਦੀ ਤੱਕ ਪਹੁੰਚਾ ਦਿੱਤਾ।

ਪੰਜਾਬੀ ਸਿਨੇਮੇ ਦਾ ਅੰਤ ਤਾਂ ਵਰਿੰਦਰ ਦੇ ਜਾਣ ਨਾਲ ਹੋ ਗਿਆ ਸੀ, ਪ੍ਰੰਤੂ ਫੇਰ ਵੀ ਗੁਰਦਾਸ ਮਾਨ, ਗੱਗੂ ਗਿੱਲ ਅਤੇ ਯੋਗਰਾਜ ਨੇ ਇਸ ਨੂੰ ਬਚਾਉਣ ਦਾ ਪੂਰਾ ਪੂਰਾ ਯਤਨ ਕੀਤਾ। ਇੱਕ ਕੁੜ੍ਹੀ ਪੰਜਾਬ ਦੀ ਦੇ ਵਿੱਚ ਗੱਗੂ ਗਿੱਲ ਦਾ ਇੱਕ ਨਵਾਂ ਰੂਪ ਵੇਖਣ ਨੂੰ ਮਿਲਦਾ ਐ। ਗੱਗੂ ਗਿੱਲ ਨੂੰ ਵੇਖਦਿਆਂ ਪੁਰਾਣੇ ਦਿਨ ਯਾਦ ਆ ਗਏ, ਜਦੋਂ ਗੱਗੂ ਗਿੱਲ ਨੂੰ ਆਖ਼ਰੀ ਵਾਰ ਵੇਖਿਆ ਸੀ, ਫਿਲਮ ਟੱਰਕ ਡਰਾਈਵਰ ਦੇ ਵਿੱਚ। ਇਸ ਫਿਲਮ ਦੇ ਵਿੱਚ ਪੰਜਾਬੀ ਅਦਾਕਾਰਾ ਪ੍ਰੀਤੀ ਸਪਰੂ ਨੂੰ ਵੀ ਲਿਆ ਗਿਆ ਸੀ। ਦੂਜੀ ਪਾਰੀ ਦੀ ਸ਼ੁਰੂਆਤ ‘ਚ ਮਨਮੋਹਨ ਸਿੰਘ ਵਰਗੇ ਨਿਰਮਾਤਾ ਨਿਰਦੇਸ਼ਕਾਂ  ਨੇ ਪੰਜਾਬੀ ਫਿਲਮ ਜਗਤ ਦੇ ਅਨਮੋਲ ਹੀਰਿਆਂ ਦੀ ਪ੍ਰਤਿਭਾ ਨੂੰ ਸਨਮਾਨ ਦਿੱਤਾ, ਇਹ ਵੀ ਸਲਾਹੁਣ ਵਾਲੀ ਗੱਲ ਐ।

ਇੱਕ ਵਰਿੰਦਰ ਦੇ ਜਾਣ ਨਾਲ ਸੁੰਨਾ ਜਿਹਾ ਹੋ ਗਿਆ ਸੀ, ਪੰਜਾਬੀ ਸਿਨੇਮਾ, ਉਹ ਬੰਦਾ ਈ ਬਕਮਾਲ ਸੀ। ਪ੍ਰੀਤੀ ਸਪਰੂ ਦੇ ਨਾਲ ਤਾਂ ਐਵੇਂ ਜੱਚਦਾ, ਜਿਵੇਂ ਗੁੱਤ ਨਾਲ ਪਰਾਂਦਾ। ਮੇਹਰ ਮਿੱਤਰ ਦੇ ਨਾਲ ਵੀ ਵਰਿੰਦਰ ਖੂਬ ਜੰਮਦਾ ਸੀ, ਕਦੇ ਕਦੇ ਤਾਂ ਇੰਝ ਲੱਗਦਾ ਐ ਜਿਵੇਂ ਪ੍ਰੀਤੀ, ਵਰਿੰਦਰ ਅਤੇ ਮੇਹਰ ਮਿੱਤਰ ਇੱਕ ਦੂਜੇ ਦੇ ਪੂਰਕ ਹੋਣ। ਪ੍ਰੀਤੀ ਸਪਰੂ ਜਿਹੀ ਅਦਾਕਾਰਾ ਤਾਂ ਪੰਜਾਬੀ ਸਿਨੇਮਾ ਨੂੰ ਹਾਲੇ ਵੀ ਨਈ ਮਿਲੀ, ਪ੍ਰੰਤੂ ਇੱਕ ਕੁੜ੍ਹੀ ਪੰਜਾਬ ਦੀ ਨਾਇਕਾ ਜਸਵਿੰਦਰ ਚੀਮਾ ਵਰਗੀਆਂ ਨਵੀਆਂ ਪੈੜ੍ਹਾਂ ਪੰਜਾਬੀ ਸਿਨੇ ਜਗਤ ਨੂੰ ਬਹੁਤ ਅੱਗੇ ਤੱਕ ਲੈਕੇ ਜਾਣ ਦੀਆਂ ਉਮੀਦਾਂ ਜਗਾਉਂਦੀਆਂ ਨੇ।
 

ਇਕ ਖ਼ਤ ਇਮਰੋਜ਼ ਦੇ ਨਾਂ ......

ਇਹ ਰਚਨਾ ਪ੍ਰਸਿੱਧ ਕਵਿਤਰੀ ਹਰਕਿਰਤ ਹਕੀਰ ਦੀ ਹੈ। 

ਹੁਣੇ-ਹੁਣੇ ਕੋਈ ਪੱਤਾ ਫੁਟਿਆ ਹੈ
ਤੇਰੇ ਖ਼ਤ ਦੀਆਂ ਸਤਰਾਂ ਨਾਲ
ਕੁਝ ਕਬਰਾਂ ਦੇ ਸ਼ੀਸ਼ੇ ਅਪਣੇ ਆਪ ਟੁਟ ਗਏ ਨੇ
ਅਤੇ ਓਹ ਗੁਲਾਬ ਜਿਹੜਾ
ਮੇਰੀ ਕਿਤਾਬ ਵਿਚ ਸਿਲਿਆ ਜਿਹਾ ਪਿਆ ਸੀ
ਕਬਰ ਦੇ ਮੂਡ ਖਿੜ ਪਿਆ ਹੈ
ਖਿੜਿਆ ਤੇ ਓਦਣ ਵੀ ਸੀ
ਜਿਦਣ ਤੇਰੇ ਹੱਥਾਂ ਨੇ ਓਸ ਕਿਤਾਬ ਨੂੰ
ਪਹਿਲੀ ਵਰਾਂ ਛੁਇਆ ਸੀ ...

ਕੀ ਹੋਇਆ ...
ਜੇ ਤੇਰੇ ਹੱਥ ਸੁਨਹਰੀ ਧੁਪ ਹੈ
ਮੈਂ ਵੀ ਮਿੱਟੀ ਦੇ ਭਾਂਡੇ ਵਿਚ
ਕੁਝ ਕਿਰਨਾ ਸਾਂਭ ਲਈਆਂ ਨੇ
ਹਨੇਰੇ ਤੋਂ ਬਹਾਦ ਇਕ ਸੂਰਜ ਉਗਦਾ ਹੈ ਜਿਸ਼ਮ ਵਿਚ
ਫਿਰ ਮੁਕਦੀ ਨਹੀਂ ਸਵੇਰ ਕਦੇ ਵੀ
ਜ਼ਿੰਦਗੀ ਦੇ ਕਿਰ ਗਏ ਰੰਗ
ਮੂੜ-ਮੂੜ ਪਿਘਲ ਉਠਦੇ ਨੇ
ਮੇਰੇ ਆਲੇ-ਦੁਆਲੇ
ਤੇ ਮੈਂ ....
ਹਕੀਰ ਤੋਂ ਹੀਰ ਹੋ ਜਾਨੀ ਹਾਂ ...

ਤੇਰੇ ਏਹਸਾਸ ਹੁਣ...
ਮੇਰੇ ਸਾਹ ਜੋਗੇ ਹੋ ਗਏ ਨੇ
ਘੁਲਦੀ ਰਹੰਦੀ ਹੈ ਖੁਸ਼ਬੂ ਹਵਾਵਾਂ ਵਿਚ
ਜੋ ਚੁਣ ਲੈਂਦੀ ਹੈ ਸਾਰੀ ਪੀੜ ਜਿਸ਼ਮ ਦੀ
ਤੇ ਮੈਂ ਰੂਹ ਤੋਂ ਵੀ ਹਲਕੀ ਹੋ ਜਾਂਦੀ ਹਾਂ
ਜੇਕਰ ਤੂੰ ਸ਼ਬਦਾਂ ਦੀ ਦੇਹ ਧਾਰੀ ਨਾ ਆਉਂਦਾ
ਮੇਰੇ ਸਾਹਮਣੇ
ਮੈਂ ਜ਼ਿੰਦਗੀ ਭਰ ਪਾਣੀ ਵਿਚ
ਕਿੱਲਾਂ ਠੋਕਦੀ ਰਹਿਣਾ ਸੀ
ਤੇ ਓਹ ਸਾਰੇ ਏਹਸਾਸ ਮੁਰਦਾ ਹੋ ਜਾਣੇ ਸੀ
ਜੋ ਹੁਣ...
ਮੇਰੀ ਨਜ਼ਮਾਂ ਦਾ ਘੁੰਡ ਚੂਕ
ਹੌਲੀ -ਹੌਲੀ ਮੁਸਕਾਣ ਲਗ ਪਏ ਨੇ ....

ਸਾਫ ਸੁਥਰੀ ਗਾਇਕੀ ਦਾ ਮਾਲਕ ਬਲਕਾਰ ਸਿੱਧੂ

ਨੋਟ -ਇਹ ਲਿਖ਼ਤ ਚਾਰ ਕੁ ਸਾਲ ਪੁਰਾਣੀ ਐ, ਪ੍ਰੰਤੂ ਸਦਾਬਾਹਰ ਅਤੇ ਜਾਣਕਾਰੀ ਪੂਰਨ ਹੋਣ ਕਾਰਣ ਮੁੜ੍ਹ ਤੋਂ ਆਪਣੇ ਇਸ ਬਲੌਗ 'ਤੇ ਪ੍ਰਕਾਸ਼ਿਤ ਕਰ ਰਿਹਾ ਹਾਂ।

ਜਿਲ੍ਹਾ ਬਠਿੰਡਾ ਤੋਂ ਕੁੱਝ ਕਿਲੋਮੀਟਰ ਦੂਰ ਪੈਂਦੇ ਪਿੰਡ ਪੂਹਲਾ ਵਿਖੇ ਸਰਦਾਰ ਰੂਪ ਸਿੰਘ ਸਿੱਧੂ ਦੇ ਘਰ ਮਾਤਾ ਚਰਨਜੀਤ ਸਿੱਧੂ ਦੀ ਕੁੱਖੋਂ ਜਨਮ ਲੈਣ ਵਾਲੇ ਬਲਕਾਰ ਸਿੱਧੂ ਨੇ ਅੱਜ ਆਪਣੀ ਆਵਾਜ਼ ਦੇ ਦਮ 'ਤੇ ਦੇਸ਼ ਵਿਦੇਸ਼ ਵਿੱਚ ਆਪਣੀ ਅਨੋਖੀ ਪਹਿਚਾਣ ਹੀ ਨਹੀਂ ਬਣਾਈ ਬਲਕਿ ਪੰਜਾਬੀ ਮਾਂ ਬੋਲੀ ਨੂੰ ਹਰਮਨ ਪਿਆਰੀ ਵੀ ਬਣਾਇਆ ਹੈ.

ਪੰਜਾਬੀ ਗਾਇਕੀ ਦੇ ਪਿੜ੍ਹ ਵਿੱਚ ਬਲਕਾਰ ਸਿੱਧੂ ਨੇ 'ਦਿਨ ਪੇਪਰਾਂ ਦੇ' ਸੋਲੋ ਕੈਸਿਟ ਦੇ ਰਾਹੀਂ ਪ੍ਰਵੇਸ਼ ਕੀਤਾ. ਐਨਾ ਹੀ ਨਹੀਂ ਪੰਜਾਬੀ ਮਾਂ ਬੋਲੀ ਦੇ ਇਸ ਮਿੱਠ ਬੋਲੜੇ ਗਾਇਕ ਨੂੰ ਪੜ੍ਹਦੇ ਸਮੇਂ ਵੀ ਤਿੰਨ ਵਾਰ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿੱਚ ਗੋਲਡ ਮੈਡਲ ਦੇ ਨਾਲ ਸਮਾਨਿਤ ਕੀਤਾ ਗਿਆ ਹੈ.

ਇਸਦੇ ਇਲਾਵਾ 'ਕਦੋਂ ਹੋਣਗੇ ਵਿਛੜਿਆਂ ਦੇ ਮੇਲੇ' 'ਕੱਲੇ ਕੱਲੇ ਹੋਈਏ' 'ਚੋਰਾਂ ਤੋਂ ਡਰਦੀ' ਆਦਿ ਚਰਚਿਤ ਗੀਤਾਂ ਨੇ ਬਲਕਾਰ ਸਿੱਧੂ ਨੂੰ ਪੰਜਾਬੀ ਗਾਇਕੀ ਦੇ ਪਿੜ੍ਹ ਵਿੱਚ ਸਥਾਪਤ ਹੋਣ ਵਿੱਚ ਮਦਦ ਕੀਤੀ, ਪਰੰਤੂ ਇਸ ਨੌਜਵਾਨ ਗਾਇਕ ਦੀ ਮਿਹਨਤ ਲਗਨ ਅਤੇ ਦ੍ਰਿੜ ਇਰਾਦੇ ਨੇ ਇਸਨੂੰ ਉਸ ਮੁਕਾਮ ਉੱਤੇ ਪਹੁੰਚਾ ਦਿੱਤਾ, ਜਿਸਦਾ ਬਲਕਾਰ ਸਿੱਧੂ ਹੱਕਦਾਰ ਸੀ.

ਬਲਕਾਰ ਸਿੱਧੂ ਨੇ 'ਤੂੰ ਮੇਰੀ ਖੰਡ ਮਿਸ਼ਰੀ' 'ਮਾਝੇ ਦੀਏ ਮੋਮਬੱਤੀਏ' 'ਚਰਖੇ' 'ਲੌਂਗ ਤਵੀਤੜੀਆਂ' 'ਦੋ ਗੱਲਾਂ' 'ਮਹਿੰਦੀ' 'ਫੁਲਕਾਰੀ' ਅਤੇ 'ਚੁਬਾਰੇ ਵਾਲੀ ਬਾਰੀ' ਆਦਿ ਲਗਾਤਾਰ ਸੱਭਿਆਚਾਰਕ ਸੁਪਰਹਿੱਟ ਪੰਜਾਬੀ ਕੈਸਿਟਾਂ ਦੇਕੇ ਸਫ਼ਲਤਾ ਦੀ ਸਿਖ਼ਰ ਨੂੰ ਛੋਹਿਆ ਹੈ.

ਪੰਜਾਬੀ ਪ੍ਰਸਿੱਧ ਢਾਡੀ ਕਵੀਸ਼ਰ ਗੁਰਬਖ਼ਸ ਸਿੰਘ ਅਲਬੇਲਾ ਤੋਂ ਗਾਇਕੀ ਦੀਆਂ ਬਰੀਕੀਆਂ ਸਿੱਖਣ ਵਾਲੇ ਬਲਕਾਰ ਸਿੱਧੂ ਨੇ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ਦੇ ਲਈ ਨੰਗੇਜ਼ ਅਤੇ ਘਟੀਆ ਗੀਤਾਂ ਦਾ ਸਹਾਰਾ ਨਾ ਲੈਂਦੇ ਹੋਏ ਹਮੇਸ਼ਾ ਲੋਕਾਂ ਦੀ ਨਬਜ਼ ਨੂੰ ਫੜ੍ਹਦਿਆਂ ਸੱਭਿਆਚਾਰਕ ਗੀਤਾਂ ਨਾਲ ਸੱਜੀਆਂ ਹੋਈ ਕੈਸਿਟਾਂ ਹੀ ਲੋਕਾਂ ਦੀ ਝੋਲੀ ਵਿੱਚ ਪਾਈਆਂ ਹਨ.

ਮਾਲਵੇ ਦੇ ਇਸ ਜੰਮਪਲ ਗਾਇਕ ਨੇ ਹੁਣ ਤੱਕ ਬਾਬੂ ਸਿੰਘ ਮਾਨ, ਦਵਿੰਦਰ ਖੰਨੇਵਾਲਾ, ਅਲਬੇਲ ਬਰਾੜ, ਮਨਪ੍ਰੀਤ ਟਿਵਾਣਾ, ਕ੍ਰਿਪਾਲ ਮਾਅਣਾ, ਜਨਕ ਸ਼ਰਮੀਲਾ, ਜਸਵੀਰ ਭੱਠਲ ਵਰਗੇ ਪ੍ਰਸਿੱਧ ਗੀਤਕਾਰਾਂ ਦੇ ਗੀਤਾਂ ਨੂੰ ਆਵਾਜ਼ ਦਿੱਤੀ ਹੈ. ਇਸ ਹਰਮਨ ਪਿਆਰੇ ਗਾਇਕ ਬਲਕਾਰ ਸਿੱਧੂ ਦੀ ਸਫ਼ਲਤਮ ਗਾਇਕੀ ਦੇ ਵਾਂਗ ਨਿੱਜੀ ਜ਼ਿੰਦਗੀ ਵੀ ਝਗੜੇ ਝੇੜਿਆਂ ਤੋਂ ਦੂਰ ਜੀਵਨਸਾਥੀ ਦਲਜਿੰਦਰ ਪ੍ਰੀਤ, ਦੋ ਪੁੱਤਰੀਆਂ ਸਰਬਜੀਤ, ਕਸਮਜੋਤ ਅਤੇ ਆਪਣੇ ਪੁੱਤਰ ਕੁੰਵਰ ਬਲਕਾਰ ਸਿੱਧੂ ਦੇ ਨਾਲ ਗੁਜਾਰ ਰਹੇ ਹਨ.