Saturday, December 6, 2014

ਕੰਨਾਂ ਰਾਹੀਂ ਦਿਲ ‘ਚ ਉਤਰਦੀ ਆਵਾਜ਼ “ਯਾਰ ‘ਤੇ ਪਿਆਰ”

ਅੱਜ ਤੋਂ ਕਈ ਵਰ੍ਹੇ ਪਹਿਲਾਂ ਪੰਜਾਬੀ ਗਾਇਕ ਹਰਦੇਵ ਮਾਹੀਨੰਗਲ ਦੀ ਐਲਬਮ ਹੋਕਾ ਦੇ ਬਾਰੇ ਲਿਖਿਆ ਸੀ। ਮੈਨੂੰ ਹਰਦੇਵ ਮਾਹੀਨੰਗਲ ਦੀ ਹੋਕਾ ਐਲਬਮ ਬੇਹਦ ਪਸੰਦ ਆਈ ਸੀ। ਯਕੀਨਨ, ਇਸ ਐਲਬਮ ਨੂੰ ਕਮਰਸ਼ੀਅਲ ਨਜ਼ਰੀਏ ਨਾਲ ਨਹੀਂ ਕੀਤਾ ਗਿਆ ਸੀ। ਕਿਉਂਕਿ ਚੰਗੇ ਗੀਤਾਂ ਦੇ ਗ੍ਰਾਹਕ ਥੋੜ੍ਹੇ ਹੁੰਦੇ ਨੇ, ‘ਤੇ ਕੋਈ ਵੀ ਰਿਸਕ ਲੈਣਾ ਪਸੰਦ ਨਹੀਂ ਕਰਦਾ, ਕਿੰਤੂ ਹਰਦੇਵ ਮਾਹੀਨੰਗਲ ਨੇ ਅਜਿਹਾ ਕੀਤਾ। 
ਹੁਣ ਮੈਂ ਚਰਚਾ ਕਰ ਲੱਗਿਆ ਹਾਂ ਆਪਣੇ ਮਨਪਸੰਦ ਗਾਇਕ ਗੋਰਾ ਚੱਕਵਾਲਾ ਦੀ ਨਵੀਂ ਐਲਬਮ ਯਾਰ ‘ਤੇ ਪਿਆਰ ਦੀ। ਪਿਛਲੇ ਦੋ ਦਹਾਕਿਆਂ ਤੋਂ ਗੋਰਾ ਚੱਕਵਾਲਾ ਪੰਜਾਬੀ ਸੰਗੀਤ ਵਿੱਚ ਨਿਰੰਤਰ ਆਪਣੀ ਪੈਠ ਬਣਾਏ ਹੋਏ ਹੈ। ਇਸ ਲਈ ਕਿਸੇ ਪਹਿਚਾਣ ਦਾ ਤਾਂ ਮੁਥਾਜ ਨਹੀਂ, ਪ੍ਰੰਤੂ ਗੋਰਾ ਚੱਕਵਾਲਾ ਹਮੇਸ਼ਾ ਪਬਲਿਸਿਟੀ ਤੋਂ ਦੂਰ ਰਹਿਆ ਹੈ ਅਤੇ ਆਪਣੇ ਪਾਰਿਵਾਰਿਕ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲ ‘ਚ ਜਗ੍ਹਾ ਬਣਾਈ ਰੱਖੀ।

ਗੋਰਾ ਚੱਕਵਾਲਾ ਦੀ ਨਵੀਂ ਐਲਬਮ ਯਾਰ ‘ਤੇ ਪਿਆਰ ਨੂੰ ਸੁਣਨ ਤੋਂ ਬਾਅਦ ਲੱਗਦਾ ਹੈ ਕਿ ਉਹ ਇਸ ਐਲਬਮ ਦੇ ਨਾਲ ਆਪਣੇ ਪੁਰਾਣੇ ਸਰੋਤਾ ਵਰਗ ਨੂੰ ਸੰਤੁਸ਼ਟ ਹੀ ਨਹੀਂ ਬਲਕਿ ਇੱਕ ਨਵਾਂ ਸਰੋਤਾ ਵਰਗ ਵੀ ਤਿਆਰ ਕਰਨ ‘ਚ ਸਫ਼ਲ ਹੋਣਗੇ। 

ਗੋਰਾ ਚੱਕਵਾਲਾ ਦੀ ਨਵੀਂ ਐਲਬਮ ਯਾਰ ‘ਤੇ ਪਿਆਰ ‘ਚ ਹਰ ਰੰਗ ਦਾ ਗੀਤ ਹੈ, ਜੋ ਦਿਲ ਨੂੰ ਛੋਹਦਾ ਹੈ। ਆਪਣਾ ਗੱਲ ਐਲਬਮ ਦੇ ਟਾਈਟਲ ਗੀਤ ਯਾਰ ‘ਤੇ ਪਿਆਰ ਤੋਂ ਤੋਰਦੇ ਹਾਂ। ਇਸ ਗੀਤ ਵਿੱਚ ਮਹਿਲਾ ਪੁੰਨੀ ਨੇ ਇੱਕ ਨੌਜਵਾਨ ਦੇ ਦਰਦ ਨੂੰ ਉਭਾਰਿਆ ਹੈ, ਜੋ ਯਾਰ ‘ਤੇ ਪਿਆਰ ਦੇ ਵਿੱਚਕਾਰ ਹੈ, ਜਿਹਦੇ ਲਈ ਦੋਵੇਂ ਬਰਾਬਰ ਦੀ ਅਹਿਮੀਅਤ ਰੱਖਦੇ ਨੇ। ਉੱਥੇ ਹੀ, ਗੀਤਕਾਰ ਡੀਸੀ ਧੂਰਕੋਟ ਨੇ ਲਾਡਲੇ ਜਵਾਈ ਦੇ ਰਾਹੀਂ ਜਵਾਈਆਂ ਦੇ ਸੰਦਰਭ ‘ਚ ਇੱਕ ਨਵੀਂ ਗੱਲ ਕਹਿਣ ਦੀ ਕੋਸ਼ਿਸ਼ ਕੀਤੀ, ਜੋ ਅਜੋਕੇ ਯੁੱਗ ‘ਚ ਕਰਨੀ ਬੇਹੱਦ ਜਰੂਰੀ ਹੈ। ਇਸ ਗੀਤ ਦੇ ਰਾਹੀਂ ਸਮਾਜ ਦਾ ਇੱਕ ਸੁਨਹਿਰਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਕਾਕਾ ਮਾਨ ਬਰਨਾਲਾ ਦੀ ਕਲਮ ‘ਚ ਨਿਕਲਿਆ ਗੀਤ ਨਾਨਕਾ ਮੇਲ ਵਿਆਹ ਨਾਲ ਜੁੜ੍ਹੀਆਂ ਪੁਰਾਣੀਆਂ ਗੱਲਾਂ ਨੂੰ ਤਾਜਾ ਕਰਦਾ ਹੈ। ਜਿੰਦਗੀ ਵਿੱਚ ਤਨਾਅ ਬਹੁਤ ਹੈ। ਹਰ ਬੰਦਾ ਆਪਣੇ ਮਨ ਨੂੰ ਤਨਾਅ ਭਰੀ ਫਿਰਦਾ ਐ, ਇਸ ਤਨਾਅ ਨੂੰ ਘੱਟ ਕਰਨਾ ਦਾ ਨੁਕਤਾ ਪੰਜਾਬੀ ਗੀਤਕਾਰ ਮਹਿਲਾ ਪੁੰਨੀ ਆਪਣੇ ਗੀਤ ਛੁੱਟੀਆਂ ਦੇ ਰਾਹੀਂ ਦੱਸਦਾ ਹੈ।

ਨੀ ਜਿੰਦੇ ਰਹਿ ਫੱਕਰਾਂ ਦੀ ਬਣਕੇ ਦੇ ਰਾਹੀ ਗੀਤਕਾਰ ‘ਤੇ ਗਾਇਕ ਗੋਰਾ ਚੱਕਵਾਲਾ ਨੇ ਬਹੁਤ ਦੂਰ ਦੀ ਗੱਲ ਕਹੀ ਹੈ। ਇਸ ਗੀਤ ਨੂੰ ਪੂਰੀ ਤਰ੍ਹਾਂ ਡੁੱਬਕੇ ਗਾਇਆ ਹੈ, ਇਸਦਾ ਮੁੱਖ ਕਾਰਣ ਇਹ ਹੈ ਕਿ ਇਹ ਲਫ਼ਜ਼ ਸਵੈ ਗੋਰੇ ਦੇ ਆਪਣੇ ਨੇ, ਜਦੋਂ ਕੋਈ ਆਪਣੀ ਮਸਤੀ ਦੇ ਵਿੱਚ ਆਪਣੇ ਦਿਲ ਦੀ ਗੱਲ ਕਹਿੰਦਾ ਐ, ਤਾਂ ਦੂਜੇ ਦਿਲ ‘ਚ ਗੱਲ ਦਾ ਉਤਰਨਾ ਲਾਜ਼ਮੀ ਐ। ਮੈਨੂੰ ਲੱਗਦਾ ਐ ਕਿ ਇਹ ਗੀਤ ਸਰੋਤਿਆਂ ਨੂੰ ਰੂਹਾਨੀ ਰੰਗ ‘ਚ ਜਰੂਰ ਰੰਗੇ।

ਇੱਕ ਨੌਜਵਾਨ ਦੇ ਪਿਆਰ ਭਰੇ ਦਿਲ ਦੇ ਜ਼ਜਬਾਤਾਂ ਨੂੰ ਪ੍ਰਗਟ ਕਰਦਾ ਗੀਤ ਸਾਹਾਂ ਦੀ ਮਾਲਾ ਬਹੁਤ ਹੀ ਆਤਮੀਅਤ ਦੇ ਨਾਲ ਗਾਇਆ ਗਿਆ ਹੈ, ਜੋ ਹਰ ਦਿਲ ਦੀ ਵਿੱਚ ਉਤਰਨਾ ਲਾਜ਼ਮੀ ਐ। ਜਿਗਰੇ ਗੀਤ, ਜੋ ਮਹਿਲਾ ਪੁੰਨੀ ਦਾ ਲਿਖਿਆ ਹੈ, ਇੱਕ ਆਸ਼ਿਕ ਦੀ ਗੱਲ ਉਸਦੀ ਪ੍ਰੇਮਿਕਾ ਦੇ ਸਾਹਮਣੇ ਇੱਕ ਸਵਾਲ ਦੇ ਰੂਪ ਵਿੱਚ ਰੱਖਦਾ ਐ, ਜੋ ਸ਼ਾਇਦ ਲੱਗੀਆਂ ਨਿਭਾਉਣ ਤੋਂ ਕੰਨੀ ਕੱਟਦੀ ਨਜ਼ਰ ਆ ਰਹੀ ਐ। ਇਸ ਗੀਤ ਦਾ ਸੰਗੀਤ ਵਰਤਮਾਨ ਸਮੇਂ ਦੇ ਵਿੱਚ ਵੱਜ ਰਹੇ ਸੰਗੀਤ ਨੂੰ ਧਿਆਨ ‘ਚ ਰੱਖਕੇ ਤਿਆਰ ਕੀਤਾ ਗਿਆ ਹੈ, ਜੋ ਗੋਰਾ ਚੱਕਵਾਲਾ ਦੇ ਬਦਲੇ ਹੋਏ ਸਰੂਪ ਦੀ ਲਾਜਵਾਬ ਝਲਕ ਹੈ। ਹਾਲਾਂਕਿ ਧੋਖਾ ਐਲਬਮ ਦੇ ਵਿੱਚ ਉਸ ਤਰ੍ਹਾਂ ਦਾ ਪ੍ਰਯੋਗ ਵੇਖਣ ਨੂੰ ਮਿਲਿਆ ਸੀ।

ਜਸਵੀਰ ਭੱਠਲ ਦਾ ਲਿਖਿਆ ਗੀਤ ਚੈਟਿੰਗ ਵੀ ਬਹੁਤ ਖੂਬਸੂਰਤ ਹੈ। ਇਸ ਗੀਤ ਰਾਹੀਂ ਅਜੋਕੇ ਸਮੇਂ ਦੀ ਗੱਲ ਕੀਤੀ ਗਈ। ਇਸ ਵਿੱਚ ਇੱਕ ਕੁੜ੍ਹੀ ਦਾ ਜਿਕਰ ਹੈ, ਜੋ ਮਾਡਰਨ ਲਾਈਫ਼ ਜਿਉਂਦੀ ਐ। 

ਗੋਰਾ ਚੱਕਵਾਲਾ ਨੇ ਆਪਣੇ ਪੁਰਾਣੇ ਸਰੋਤਿਆਂ ਦਾ ਖਿਆਲ ਰੱਖਦੇ ਹੋਏ ਪਿਆਰ ਦੇ ਸਬੂਤ ਜਿਹੇ ਖੂਬਸੂਰਤ ਦਰਦ ਭਰੇ ਗੀਤ ਨੂੰ ਵੀ ਐਬਲਮ ਦੇ ਵਿੱਚ ਸ਼ਾਮਿਲ ਕੀਤਾ ਹੈ। ਰਾਮਾ ਜੈਨਪੁਰੀ ਦਾ ਲਿਖਿਆ ਗੀਤ ਜਦ ਤੂੰ ਮਿਲੀ ਇੱਕ ਅਲੱਗ ਅਹਿਸਾਸ ਨੂੰ ਬਿਆਨ ਕਰਦਾ ਐ।

ਅੰਤ ‘ਚ ਤਾਂ ਐਨਾ ਹੀ ਕਹਾਂਗੇ ਕਿ ਗੋਰਾ ਚੱਕਵਾਲਾ ਦੀ ਆਵਾਜ਼ ਆਰ ਗੁਰੂ ਦੇ ਸੰਗੀਤ ਨਾਲ ਇੱਕ ਮਿੱਕ ਹੋਕੇ ਕੰਨ੍ਹਾਂ ਦੇ ਰਾਹੀਂ ਦਿਲ ਦੇ ਵਿੱਚ ਉਤਰਦੀ ਐ।


ਗੀਤ ਸੁਣਨ ਦੇ ਲਈ ਏਥੇ ਕਲਿਕ ਕਰੋ।